ਅਸ਼ਵਨੀ ਗਰਗ/ਸੁਭਾਸ਼ ਚੰਦਰ
ਸਮਾਣਾ, 18 ਅਕਤੂਬਰ
ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਪਬਲਿਕ ਕਾਲਜ ਸਮਾਣਾ ਨੂੰ ਛੇਤੀ ਹੀ ਸਰਕਾਰੀ ਕਾਲਜ ਦਾ ਦਰਜਾ ਦੇਵੇਗੀ। ਉਹ ਅੱਜ ਇਥੇ ਪਬਲਿਕ ਕਾਲਜ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਖੇਤਰੀ ਯੁਵਕ ਤੇ ਲੋਕ ਮੇਲੇ ਦੇ ਤੀਜੇ ਦਿਨ ਦੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸਨ।
ਇਸ ਮੌਕੇ ਉਨ੍ਹਾਂ ਕਿਹਾ ਕਿ ਯੁਵਕ ਮੇਲਿਆਂ ਦਾ ਮੁੱਖ ਮੰਤਵ ਵਿਦਿਆਰਥੀਆਂ ਵਿੱਚ ਏਕਤਾ, ਮਿਲਵਰਤਣ ਅਤੇ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਨਾ ਅਤੇ ਉਨ੍ਹਾਂ ਦੀ ਛੁਪੀ ਹੋਈ ਪ੍ਰਤਿਭਾ ਨੂੰ ਸਾਹਮਣੇ ਲਿਆਉਣਾ ਅਤੇ ਵਿਦਿਆਰਥੀਆਂ ਨੂੰ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਨਾਲ ਜੋੜਨਾ ਹੁੰਦਾ ਹੈ। ਇਸ ਮੌਕੇ ਕਾਲਜ ਵਿੱਚ ਬਣਾਈਆਂ ਗਈਆਂ ਤਿੰਨ ਸਟੇਜਾਂ ’ਤੇ ਵੱਖੋ-ਵੱਖ ਸਭਿਆਚਾਰਕ ਰੰਗ ਵੇਖਣ ਨੂੰ ਮਿਲੇ। ਥੀਏਟਰ ਦੀਆਂ ਵੰਨਗੀਆਂ ਵਿੱਚ ਇਕਾਂਗੀ, ਨਾਟਕ ਤੇ ਮਿਮਿਕਰੀ ਨੇ ਸਭ ਦਾ ਧਿਆਨ ਖਿੱਚਿਆ ਅਤੇ ਲੋਕ ਗੀਤ, ਲੋਕ ਸਾਜ਼ ਤੇ ਫੋਕ ਆਰਕੈਸਟਰਾਂ ਨੇ ਹਾਜ਼ਰੀਨ ਨੂੰ ਝੂੰਮਣ ਲਾ ਦਿੱਤਾ। ਸਾਹਿਤਕ ਵੰਨਗੀਆਂ ਵਿੱਚ ਵਾਦ-ਵਿਵਾਦ, ਭਾਸ਼ਣ ਕਲਾ ਤੇ ਕਾਵਿ ਉਚਾਰਨ ਨੇ ਸਭ ਨੂੰ ਕੀਲਿਆ।
ਕੈਬਨਿਟ ਮੰਤਰੀ ਮੀਤ ਹੇਅਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਨੇ ਨੌਜਵਾਨਾਂ ਦੀ ਭਲਾਈ ਲਈ ਵਿਸ਼ੇਸ਼ ਯੋਜਨਾਵਾਂ ਉਲੀਕੀਆਂ ਹਨ। ਉਨ੍ਹਾਂ ਕਿਹਾ ਕਿ ਪਰਿਵਾਰਵਾਦ ਦੀ ਰਾਜਨੀਤੀ ਤੋਂ ਦੁਖੀ ਨੌਜਵਾਨਾਂ ਨੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ।