ਖੇਤਰੀ ਪ੍ਰਤੀਨਿਧ
ਪਟਿਆਲਾ, 1 ਨਵੰਬਰ
ਜ਼ਿਲ੍ਹੇ ਵਿੱਚ 1 ਤੋਂ 3 ਨਵੰਬਰ ਤੱਕ ਚਲਾਏ ਜਾ ਰਹੇ ਸਬ ਰਾਸ਼ਟਰੀ ਟੀਕਾਕਰਨ ਮੁਹਿੰਮ ਤਹਿਤ ਪਲਸ ਪੋਲੀਓ ਮਾਈਗਰੇਟਰੀ ਰਾਊਂਡ ਤਹਿਤ ਝੁੱਗੀ ਝੋਪੜੀਆਂ, ਸਲਮ ਬਸਤੀਆਂ, ਭੱਠਿਆਂ ਅਤੇ ਪਥੇਰਾਂ ਦੇ 20566 ਘਰਾਂ ਦਾ ਦੌਰਾ ਕਰ ਕੇ 12945 ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਪਿਲਾਈਆਂ। ਬਾਕੀ ਰਹਿੰਦੇ ਬੱਚਿਆਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 2 ਅਤੇ 3 ਨਵੰਬਰ ਨੂੰ ਘਰ-ਘਰ ਜਾ ਕੇ ਦਵਾਈ ਪਿਲਾਈ ਜਾਵੇਗੀ।
ਇਸ ਵਾਰ ਜ਼ਿਲ੍ਹੇੇ ਵਿੱਚ ਮਾਈਗਰੇਟਰੀ ਅਬਾਦੀ ਦੇ 5 ਸਾਲ ਤੱਕ ਦੇ ਸਾਰੇ 24887 ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਪਿਲਾਉਣ ਦਾ ਟੀਚਾ ਰੱਖਿਆ ਗਿਆ ਹੈ ਜਿਸ ਲਈ 185 ਟੀਮਾਂ ਅਤੇ 11 ਮੋਬਾਈਲ ਟੀਮਾਂ ਲਗਾਈਆਂ ਗਈਆਂ ਹਨ। ਇਨ੍ਹਾਂ ਟੀਮਾਂ ਦੇ ਕੰਮਾਂ ਦੀ ਦੇਖ-ਰੇਖ ਲਈ 19 ਸੁਪਰਵਾਈਜ਼ਰ ਵੀ ਲਗਾਏ ਗਏ ਹਨ।
ਕੋਵਿਡ- 19 ਦੀਆਂ ਸਾਵਧਾਨੀਆਂ ਵਰਤਦੇ ਹੋਏ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਜ਼ਿਲ੍ਹੇ ਦੇ ਡਾਕਟਰ, ਪੈਰਾ ਮੈਡੀਕਲ ਸਟਾਫ਼, ਆਸ਼ਾ, ਆਂਗਣਵਾੜੀ ਵਰਕਰ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।
ਪੋਲੀਓ ਰੋਕੂ ਬੂੰਦਾਂ ਪਿਲਾਉਣ ਦੀ ਇਸ ਮੁਹਿੰਮ ਦੀ ਸ਼ੁਰੂਆਤ ਸਿਵਲ ਸਰਜਨ ਪਟਿਆਲਾ ਡਾ. ਹਰੀਸ਼ ਮਲਹੋਤਰਾ ਵੱਲੋੋਂ ਸਨੌਰ ਰੋਡ ਸਥਿਤ ਰੋੜੀ ਕੁੱਟ ਮੁਹੱਲਾ ਤੋਂ ਕੀਤੀ ਜਿਸ ਦੌਰਾਨ ਉਨ੍ਹਾਂ ਨਾਲ ਸਹਾਇਕ ਸਿਵਲ ਸਰਜਨ ਡਾ. ਪਰਵੀਨ ਪੁਰੀ, ਸੀਨੀਅਰ ਮੈਡੀਕਲ ਅਫਸਰ ਡਾ. ਨਵਜਿੰਦਰ ਸੋਢੀ, ਡਾ. ਦਿਵਿਆ ਚਾਵਲਾ, ਡਾ. ਦਰਸ਼ਨ ਸਿੰਘ, ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ, ਡਿਪਟੀ ਮਾਸ ਮੀਡੀਆ ਅਫ਼ਸਰ ਜਸਜੀਤ ਕੌਰ, ਏਐੱਨਐੱਮ ਰਵਿੰਦਰ ਕੌਰ ਤੇ ਪਰਮਜੀਤ ਕੌਰ ਸਮੇਤ ਇਲਾਕੇ ਦੀਆਂ ਆਸ਼ਾ ਵਰਕਰ ਹਾਜ਼ਰ ਸਨ।