ਪੱਤਰ ਪ੍ਰੇਰਕ
ਪਟਿਆਲਾ, 24 ਅਗਸਤ
ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਦਿਹਾਤੀ ਹਲਕੇ ਦੇ ਪਿੰਡਾਂ ਦੇ ਲੋਕਾਂ ਨਾਲ ‘ਤੁਹਾਡਾ ਐੱਮਐੱਲਏ ਤੁਹਾਡੇ ਵਿਚਕਾਰ’ ਪ੍ਰੋਗਰਾਮ ਤਹਿਤ ਮੁਲਾਕਾਤ ਕੀਤੀ ਅਤੇ ਮੌਕੇ ’ਤੇ ਹੀ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਬੇੜਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਏਡੀਸੀ (ਦਿਹਾਤੀ ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ, ਐਸਡੀਐਮ ਰੀਚਾ ਗੋਇਲ, ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਪਿਛਲੇ ਢਾਈ ਸਾਲਾਂ ਵਿੱਚ ਪਿੰਡਾਂ ਦੇ ਵਿਕਾਸ ਲਈ ਲਗਾਤਾਰ ਕੰਮ ਕੀਤਾ ਗਿਆ ਹੈ ਅਤੇ ਲਗਾਤਾਰ ਵਿਕਾਸ ਕਾਰਜ ਜਾਰੀ ਹਨ। ਉਨ੍ਹਾਂ ਕਿਹਾ ਕਿ ਹਰੇਕ ਪਿੰਡ ਵਿੱਚ ਬੱਚਿਆਂ ਤੇ ਨੌਜਵਾਨਾਂ ਲਈ ਗਰਾਊਂਡ ਬਣਾਉਣ ਸਮੇਤ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਸਾਰੇ ਅਧਿਕਾਰੀਆਂ ਨੂੰ ਨਾਲ ਲੈ ਕੇ ਪਿੰਡਾਂ ਵਿੱਚ ਪੁੱਜੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਹਰੇਕ ਪਿੰਡ ਵਿੱਚ ਅਧਿਕਾਰੀਆਂ ਨੂੰ ਨਾਲ ਲੈ ਕੇ ਜਾਣ ਦਾ ਮੁੱਖ ਮਕਸਦ ਹੀ ਇਹ ਹੈ ਕਿ ਅਧਿਕਾਰੀ ਮੌਕੇ ’ਤੇ ਹੀ ਫੈਸਲਾ ਲੈ ਕੇ ਕਾਰਵਾਈ ਅਰੰਭ ਸਕਣ। ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਿੰਡ ਧੰਗੇੜਾ, ਖੁਰਦ, ਪੇਧਨੀ, ਕਨਸੂਹਾ ਕਲਾਂ, ਅਜਨੌਦਾ ਕਲਾਂ, ਅਜਨੌਦਾ ਖੁਰਦ, ਕਿਸ਼ਨਗੜ੍ਹ ਅਤੇ ਸਿੰਭੜੋ ਪਿੰਡਾਂ ਦਾ ਦੌਰਾ ਕਰਕੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਮੌਕੇ ‘ਤੇ ਹੀ ਮੁਸ਼ਕਲਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕੰਮਾਂ ਨੂੰ ਪੂਰਾ ਕਰਨ ਦੀ ਸਮਾਂ ਸੀਮਾ ਨਿਰਧਾਰਤ ਕੀਤੀ।
ਇਸ ਮੌਕੇ ਉਨ੍ਹਾਂ ਪਿੰਡ ਖੁਰਦ ਅਤੇ ਅਜਨੌਦਾ ਖੁਰਦ ਵਿਖੇ ਪੰਚਾਇਤੀ ਰਾਜ ਵਿਭਾਗ ਵੱਲੋਂ ਰਾਊਂਡਗਲਾਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਬਣਾਏ ਗਏ ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਪਿੰਡ ਵਾਸੀਆਂ ਨੂੰ ਸਮਰਪਿਤ ਕਰਦਿਆਂ ਕਿਹਾ ਕਿਸਰਕਾਰ ਦੀ ਇਹ ਸੋਚ ਹੈ ਕਿ ਸੂਬੇ ਦੇ ਸਾਰੇ ਪਿੰਡਾਂ ਨੂੰ ਸਾਫ਼ ਸੁਥਰੇ ਬਣਾ ਕੇ ਸ਼ਹਿਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਠੋਸ ਕੂੜੇ ਲਈ ਲਗਾਏ ਗਏ ਇਹ ਪ੍ਰਾਜੈਕਟ ਜਿਥੇ ਰੁਜ਼ਗਾਰ ਪੈਦਾ ਕਰਨਗੇ ਉਥੇ ਹੀ ਤਿਆਰ ਖਾਦ ਨੂੰ ਵੇਚਕੇ ਆਮਦਨ ਵੀ ਪੈਦਾ ਕੀਤੀ ਜਾ ਸਕੇਗੀ।