ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਅਕਤੂਬਰ
ਖ਼ੂਨਦਾਨ ਕਰਨ ਦੇ ਮਾਮਲੇ ’ਚ ਪੰਜਾਬ ਦੇਸ਼ ਦੇ ਪਹਿਲੇ ਤਿੰਨ ਸੂਬਿਆ ਦੀ ਸੂਚੀ ’ਚ ਸ਼ੁਮਾਰ ਹੋ ਗਿਆ ਹੈ। ਇਹ ਪ੍ਰਗਟਾਵਾ ਕਰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ 2023-24 ਦੌਰਾਨ ਸਰਕਾਰੀ ਤੇ ਲਾਇਸੈਂਸਸ਼ੁਦਾ ਪ੍ਰਾਈਵੇਟ ਬਲੱਡ ਸੈਂਟਰਾਂ ਵਿੱਚ 4.61 ਲੱਖ ਯੂਨਿਟ ਖੂਨ ਇਕੱਠਾ ਕੀਤਾ ਗਿਆ।
ਉਹ ਇਥੇ ਕੌਮੀ ਸਵੈ-ਇੱਛਕ ਖੂਨਦਾਨ ਦਿਵਸ ਨੂੰ ਸਮਰਪਿਤ ‘ਪੰਜਾਬ ਏਡਜ਼ ਕੰਟਰੋਲ ਸੁਸਾਇਟੀ’ ਵੱਲੋਂ ਕਰਵਾਏ ਰਾਜ ਵਿਆਪੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਪ੍ਰਾਜੈਕਟ ਡਾਇਰੈਕਟਰ ਵਰਿੰਦਰ ਕੁਮਾਰ ਸ਼ਰਮਾ ਵੀ ਮੌਜੂਦ ਸਨ। ਇਸ ਸਮਾਗਮ ਦੌਰਾਨ 100 ਤੋਂ ਵੱਧ ਵਾਰ ਖ਼ੂਨਦਾਨ ਕਰ ਚੁੱਕੇ 25 ਪੁਰਸ਼ ਖੂਨਦਾਨੀਆਂ ਅਤੇ 20 ਤੋਂ ਵੱਧ ਵਾਰ ਖੂਨਦਾਨ ਕਰਨ ਵਾਲੀਆਂ 17 ਮਹਿਲਾ ਖੂਨਦਾਨੀਆਂ ਸਮੇਤ ਪਤੀ-ਪਤਨੀ ’ਤੇ ਆਧਾਰਤ ਸੱਤ ਜੋੜੇ ਡੋਨਰਾਂ, 17 ਫੈਮਲੀ ਡੋਨਰ, 15 ਵਿਸ਼ੇਸ਼ ਲੋੜਾਂ ਵਾਲੇ ਅਤੇ 9 ਸਿੰਗਲ ਪਲੇਟਲੈਟ ਡੋਨਰਜ਼ ਵੀ ਸਨਮਾਨੇ ਗਏ।