ਖੇਤਰੀ ਪ੍ਰਤੀਨਿਧ
ਪਟਿਆਲਾ, 27 ਅਪਰੈਲ
ਇੱਥੇ ਸਿਹਤ ਵਿਭਾਗ ਵੱਲੋਂ ‘ਜ਼ੀਰੋ’ ਮਲੇਰੀਆ ਦੇ ਟੀਚੇ ਵੱਲ ਵੱਧਦੇ ਕਦਮ ਤਹਿਤ ਮਨਾਏ ‘ਵਿਸ਼ਵ ਮਲੇਰੀਆ’ ਦਿਵਸ ਮਨਾਇਆ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦਾ 2021 ਤੱਕ ਪੰਜਾਬ ਨੂੰ ਮਲੇਰੀਆ ਮੁਕਤ ਕਰਨ ਦਾ ਟੀਚਾ ਮਿਥਿਆ ਹੈ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੇ ਮੱਦੇਨਜ਼ਰ ਹੀ 2021 ਦੇ ਲੰਘ ਚੁੱਕੇ ਪਹਿਲੇ ਪੰਜ ਮਹੀਨਿਆਂ ਦੌਰਾਨ ਅਜੇ ਤੱਕ ਮਲੇਰੀਆ ਦਾ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ, ਜਦ ਕਿ 2019 ’ਚ ਭਾਂਵੇਂ ਕਿ 17 ਕੇਸ ਮਿਲੇ ਸਨ,ਪਰ ਇਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਵਿਚੋਂ ਕੇਵਲ ਤਿੰਨ ਕੇਸ ਹੀ ਮਿਲੇ ਸਨ ਪਰ 2020 ’ਚ ਸਮੁੱਚੇ ਜ਼ਿਲ੍ਹੇ ਅੰਦਰ ਸਿਰਫ਼ ਦੋ ਕੇਸ ਹੀ ਮਿਲੇ ਸਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ਼ ਇੱਕ ਦਾ ਵੀ ਸਬੰਧ ਨਹੀਂ ਸੀ। ਸਿਵਲ ਸਰਜਨ ਦਾ ਕਹਿਣਾ ਸੀ ਕਿ ਪਟਿਆਲਾ ਜ਼ਿਲ੍ਹਾ ਪੰਜਾਬ ਦੇ ਜ਼ੀਰੋ ਲੋਕਲ ਕੇਸ ਦੇ ਟੀਚੇ ਨੂੰ ਪੂਰਾ ਕਰਨ ਵੱਲ ਵਧ ਰਿਹਾ ਹੈ ਪਰ ਕੋਈ ਮੁਹਿੰਮ ਲੋਕਾਂ ਦੇ ਸਹਿਯੋਗ ਬਿਨਾਂ ਪੂਰੀ ਨਹੀਂ ਹੋ ਸਕਦੀ। ਜੇਕਰ ਲੋਕ ਹੋਰ ਵਧੇਰੇ ਸਹਿਯੋਗ ਦੇਣ, ਤਾਂ ਅਸੀਂ ਸਾਰੇ ਰਲ਼ ਕੇ ਇਹ ਟੀਚਾ ਸਰ ਕਰ ਸਕਦੇ ਹਾਂ।