ਰਵੇਲ ਸਿੰਘ ਭਿੰਡਰ
ਪਟਿਆਲਾ, 8 ਜੁਲਾਈ
ਪੰਜਾਬੀ ਯੂਨੀਵਰਸਿਟੀ ਦੀ ਏ ਕਲਾਸ ਅਫਸਰ ਐਸੋਸੀਏਸ਼ਨ ਦੋਫਾੜ ਹੋਣ ਲੱਗੀ ਹੈ। ਇਸ ਐਸੋਸੀਏਸ਼ਨ ਦੇ ਸਰਪ੍ਰਸ਼ਤ ਬਲਬੀਰ ਸਿੰਘ ਸਮੇਤ ਮੀਤ ਪ੍ਰਧਾਨ ਤੇ ਇੱਕ ਮੈਂਬਰ ਨੇ ਕਾਰਜ਼ਕਾਰਨੀ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫ਼ੇ ਦੀ ਇੱਕ ਕਾਪੀ ਰਜਿਸਟਰਾਰ ਡਾ ਯੋਗਰਾਜ ਸਿੰਘ ਨੂੰ ਵੀ ਭੇਜ ਦਿੱਤੀ ਗਈ ਹੈ। ਐਸੋਸੀਏਸ਼ਨ ਦੇ ਸਰਪ੍ਰਸਤ ਬਲਬੀਰ ਸਿੰਘ ਅਰੋੜਾ ਨੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਐਸੋਸੀਏਸ਼ਨ ਦੇ ਪ੍ਰਧਾਨ ਡਾ. ਦਲਬੀਰ ਸਿਘ ਰੰਧਾਵਾ ਵੱਲੋਂ ਜਿਥੇ ਜਥੇਬੰਦੀਆਂ ਦੀ ਵਾਜ਼ਬ ਮੰਗਾਂ ’ਤੇ ਸੰਜੀਦਗੀ ਨਹੀਂਵਿਖਾਈ ਜਾ ਰਹੀ ਸੀ, ਉਥੇ ਹੀ ਪਿਛਲੇ ਦਿਨੀਂ ਇੱਕ ਰੋਸ ਬੈਠਕ ਦੌਰਾਨ ਇੱਕ ਸੀਨੀਅਰ ਪ੍ਰਤੀਨਿਧ ਨੂੰ ਕਥਿਤ ਧਮਕਾਇਆ ਗਿਆ। ਜਿਸ ਨਾਲ ਜਥੇਬੰਦੀ ’ਚ ਰੋਸ ਦੀ ਲਹਿਰ ਫੈਲ ਗਈ ਤੇ ਅਜਿਹੇ ਕਾਰਨਾਂ ਕਰਕੇ ਉਨ੍ਹਾਂ ਦੇ ਖੁਦ ਦੇ ਸਮੇਤ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਕਮਲਜੀਤ ਸਿੰਘ ਜੱਗੀ ਤੇ ਮੈਂਬਰ ਬ੍ਰਹਮਜੋਤ ਸਿੰਘ ਨੇ ਕਾਰਜਕਾਰੀ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਇਹ ਅਸਤੀਫਾ ਬਕਾਇਦਾ ਪ੍ਰਧਾਨ ਵੱਲ ਅੱਪੜਦਾ ਕਰ ਦਿੱਤਾ ਹੈ।
ਬਲਬੀਰ ਸਿੰਘ ਅਰੋੜਾ ਨੇ ਦੱਸਿਆ ਕਿ ਅਸਤੀਫੇ ਦੀਆਂ ਕਾਪੀਆਂ ਦਾ ਇੱਕ ਉਤਾਰਾ ਯੂਨੀਵਰਸਿਟੀ ਦੇ ਰਜਿਸਟਰਾਰ ਨੂੰ ਵੀ ਭੇਜ ਦਿੱਤਾ ਗਿਆ ਹੈ। ਉਧਰ, ਐਸੋਸੀਏਸ਼ਨ ਦੇ ਪ੍ਰਧਾਨ ਡਾ. ਦਲਬੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਕੁਝ ਨੁਮਾਇੰਦਿਆਂ ਦੀਆਂ ਨਰਾਜ਼ਗੀਆਂ ਹਨ, ਪਰ ਇੱਕ ਦੋ ਦਿਨਾਂ ’ਚ ਉਨ੍ਹਾਂ ਨੂੰ ਮਨਾ ਕੇ ਮੁੜ ਕਾਰਜਕਾਰਨੀ ’ਚ ਸਰਗਰਮ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਮੈਂਬਰ ਨੂੰ ਉਨ੍ਹਾਂ ਉੱਚਾ ਨਹੀ ਬੋਲਿਆ। ਧਮਕਾਉਣ ਜਾਂ ਨਰਾਜ਼ ਹੋਣ ਦੀ ਤਾਂ ਗੱਲ ਦੂਰ ਦੀ ਹੈ। ਉਨ੍ਹਾਂ ਦੱਸਿਆ ਕਿ ਕਾਰਜਕਾਰਨੀ ਦੇ ਕੁਝ ਮੈਂਬਰਾਨ ਦੀ ਆਪਸੀ ਖਹਬਿਾਜੀ ਦੀ ਵਜ਼ਾ ਉਹ ਪਿੱਸ ਰਹੇ ਹਨ ਪਰ ਉਹ ਸਾਰਿਆਂ ਨੂੰ ਨਾਲ ਲੈ ਕੇ ਐਸੋਸੀਏਸ਼ਨ ਦੇ ਰਹਿੰਦੇ ਸਾਰੇ ਕੰਮ ਸਿਰੇ ਲਾਉਣਗੇ। ਐਸੋਸੀਏਸ਼ਨ ਨੂੰ ਕਦੇ ਵੀ ਦੋਫਾੜ ਨਹੀਂ ਹੋਣ ਦੇਣਗੇ।