ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 16 ਅਪਰੈਲ
ਜੁਆਇੰਟ ਐਕਸ਼ਨ ਕਮੇਟੀ ਦੀ ਹੰਗਾਮੀ ਮੀਟਿੰਗ ਅੱਜ ਪੰਜਾਬੀ ਯੂਨੀਵਰਸਿਟੀ ਵਿੱਚ ਹੋਈ, ਜਿਸ ਵਿਚ ਪੂਟਾ, ਏ-ਕਲਾਸ ਐਸੋਸੀਏਸ਼ਨ, ਬੀ. ਅਤੇ ਸੀ. ਕਲਾਸ ਕਰਮਚਾਰੀ ਸੰਘ ਅਤੇ ਪੈਨਸ਼ਰਨਜ਼ ਵੈੱਲਫੇਅਰ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਅਤੇ ਯੂਨੀਵਰਸਿਟੀ ਦੇ ਮੌਜੂਦਾ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ। ਇਸ ਮੀਟਿੰਗ ਵਿਚ ਡਾਢਾ ਗਿਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਨੂੰ ਵੱਖ-ਵੱਖ ਮੁੱਦਿਆਂ ’ਤੇ ਦਿੱਤੇ ਗਏ ਮੰਗ ਪੱਤਰਾਂ ਦੇ ਬਾਵਜੂਦ ਨਾ ਤਾਂ ਪੰਜਾਬ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਘਾਟੇ ਵਿਚੋਂ ਕੱਢਣ ਲਈ ਕੋਈ ਯੱਕਮੁਸ਼ਤ ਗਰਾਂਟ ਦਿੱਤੀ ਹੈ, ਨਾ ਹੀ ਬਜਟ ਵਿਚ ਐਲਾਨੀ 90 ਕਰੋੜ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਹੈ ਅਤੇ ਨਾ ਹੀ ਪੰਜਾਬੀ ਯੂਨੀਵਰਸਿਟੀ ਦੀ ਮਹੀਨਾਵਾਰ ਗਰਾਂਟ ਵਿਚ ਕੋਈ ਵਾਧਾ ਕੀਤਾ ਹੈ। ਜੁਆਇੰਟ ਐਕਸ਼ਨ ਕਮੇਟੀ ਨੇ ਇਸ ਮੀਟਿੰਗ ਵਿਚ ਇਹ ਫ਼ੈਸਲਾ ਕੀਤਾ ਕਿ ਜਥੇਬੰਦੀ ਆਪਣੀਆਂ ਪ੍ਰਮੁੱਖ ਮੰਗਾਂ ਲਈ 19 ਅਪਰੈਲ ਨੂੰ ਵਾਈਸ-ਚਾਂਸਲਰ ਦਫਤਰ ਦੇ ਸਾਹਮਣੇ ਧਰਨਾ ਲਗਾਇਆ ਜਾਵੇਗਾ।