ਖੇਤਰੀ ਪ੍ਰਤੀਨਿਧ
ਪਟਿਆਲਾ, 2 ਮਾਰਚ
ਮੁੱਖ ਰੂਪ ’ਚ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਲਈ ਬਣੀ ਪੰਜਾਬੀ ਯੂਨੀਵਰਸਿਟੀ ਵੱਲੋਂ ਹੁਣ ਆਧੁਨਿਕ ਤਕਨੀਕਾਂ ਦੀਆਂ ਜੁਗਤਾਂ ਵੀ ਵਰਤੀਆਂ ਜਾਣ ਲੱਗੀਆਂ ਹਨ। ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦੇ ਖੋਜ ਕੇਂਦਰ ਵਿੱਚ ਡਾ. ਗੁਰਪ੍ਰੀਤ ਸਿੰਘ ਲਹਿਲ ਦੀ ਅਗਵਾਈ ਹੇਠ ‘ਅੱਖਰ 2016’ ਦੇ ਬੈਨਰ ਹੇਠਾਂ ਤਿਆਰ ਕੀਤੇ ਗਏ ਸਾਫਟਵੇਅਰ ਦਾ ਅਗਲਾ ਐਡੀਸ਼ਨ ‘ਅੱਖਰ-2021’ ਵੀ ਲੋਕ ਅਰਪਣ ਕਰ ਦਿੱਤਾ ਗਿਆ ਹੈੇ। ਪਿਛਲੇ ਦਿਨੀ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਰਿਲੀਜ਼ ਕੀਤਾ ਗਿਆ ਇਹ ਸਾਫਟਵੇਅਰ, ਕਈ ਹੋਰ ਨਵੀਆਂ ਖੂਬੀਆਂ ਨਾਲ਼ ਲੈਸ ਹੈ। ਖਾਸ ਕਰਕੇ ਕੰਪਿਊਟਰ ਦੀ ਦੁਨੀਆਂ ਨਾਲ਼ ਜੁੜੇ ਲੋਕਾਂ ਲਈ ਬਹੁਤ ਹੀ ਪਾਏਦਾਰ ਹੈ। ਇਸ ਸਾਫਟਵੇਅਰ ’ਚ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਦਸਤਾਵੇਜ਼ ਤਿਆਰ ਕਰਨ ਨੂੰ ਸੌਖਾਲਾ ਬਣਾਉਣ ਲਈ ਬਹੁਤ ਸਾਰੇ ਸਾਧਨ ਪ੍ਰਦਾਨ ਕੀਤੇ ਹਨ। ਡਾ. ਗੁਰਪ੍ਰੀਤ ਸਿੰਘ ਲਹਿਲ ਦੀ ਇਸ ਟੀਮ ’ਚ ਡਾ. ਅੰਕੁਰ ਰਾਣਾ ਪ੍ਰਮੁੱਖ ਤਕਨੀਕੀ ਆਰਕੀਟੈਕਟ ਅਤੇ ਡਾ. ਤੇਜਿੰਦਰ ਸਿੰਘ ਸੈਣੀ ਮੁੱਖ ਸਹਾਇਕ ਤਕਨੀਕੀ ਆਰਕੀਟੈਕਟ ਹਨ।