ਸੁਭਾਸ਼ ਚੰਦਰ
ਸਮਾਣਾ, 13 ਮਈ
‘ਪੰਜਾਬ ਦੇ ਹਿੱਤਾਂ ਦੀ ਰਾਖੀ ਜ਼ਮੀਰ ਵੇਚ ਕੇ ਨਹੀਂ ਆਪਣੀ ਮਾਂ ਪਾਰਟੀ ਵਿੱਚ ਰਹਿ ਕੇ ਹੀ ਕੀਤੀ ਜਾ ਸਕਦੀ ਹੈ।’ ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਬਚਾਓ ਯਾਤਰਾ ਦੌਰਾਨ ਸਮਾਣਾ ਵਿੱਚ ਸੰਬੋਧਨ ਕਰਦਿਆਂ ਆਖੀ। ਸ੍ਰੀ ਬਾਦਲ ਨੇ ਕਿਹਾ ਕਿ ਲੋਕ ਦਲ ਬਦਲੂਆਂ ’ਤੇ ਵਿਸ਼ਵਾਸ ਨਾ ਕਰਨ ਜਿਨ੍ਹਾਂ ਨੇ ਆਪਣੀ ਮਾਂ ਪਾਰਟੀ ਨੂੰ ਧੋਖਾ ਦਿੱਤਾ ਹੈ। ਉਨ੍ਹਾਂ ਆਗੂਆਂ ਤੋਂ ਕਿਸੇ ਦੇ ਵੀ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ। ਇਸ ਮੌਕੇ ਉਹ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਨਾਲ ਰਲ ਕੇ ਸੀਨੀਅਰ ਆਗੂ ਐੱਨਕੇ ਸ਼ਰਮਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਤਿੰਨੋਂ ਪਾਰਟੀਆਂ ਦੇ ਆਗੂ ਭਾਜਪਾ, ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਕੋਲ ਕਾਰਗੁਜ਼ਾਰੀ ਦੇ ਨਾਂ ’ਤੇ ਦਿਖਾਉਣ ਵਾਸਤੇ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਨੀਤ ਕੌਰ ਤੇ ਧਰਮਵੀਰ ਗਾਂਧੀ ਨੇ ਆਪੋ ਆਪਣੀ ਮਾਂ ਪਾਰਟੀ ਨੂੰ ਧੋਖਾ ਦਿੱਤਾ ਹੈ। ਅਜਿਹੇ ਆਗੂ ਤੁਹਾਨੂੰ ਫਿਰ ਧੋਖਾ ਦੇ ਸਕਦੇ ਹਨ ਤੇ ਇਸ ਵਾਰ ਇਨ੍ਹਾਂ ਦਾ ਚੋਣਾਂ ਵਿਚ ਹਾਰਨਾ ਜ਼ਰੂਰੀ ਹੈ। ਇਸੇ ਤਰ੍ਹਾਂ ‘ਆਪ’ ਨੇ ਵੀ ਝੂਠੇ ਵਾਅਦੇ ਕਰ ਕੇ ਸਰਕਾਰ ਬਣਾ ਲਈ ਹੈ।