ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 19 ਅਕਤੂਬਰ
ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਦਫ਼ਤਰ ਅੱਗੇ ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ) ਵੱਲੋਂ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਵੀ ਰੋਸ ਧਰਨਾ ਦਿੱਤਾ ਗਿਆ। ਇਸ ਰੋਸ ਧਰਨੇ ਦੌਰਾਨ ਅਧਿਆਪਕਾਂ ਨੂੰ ਪਿਛਲੇ ਮਹੀਨੇ ਦੀ ਤਨਖਾਹ ਜਾਰੀ ਨਾ ਹੋਣ ’ਤੇ ਵੀ ਰੋਸ ਜ਼ਾਹਿਰ ਕੀਤਾ ਗਿਆ।
ਪੂਟਾ ਦੇ ਪ੍ਰਧਾਨ ਡਾ. ਨਿਸ਼ਾਨ ਸਿੰਘ ਦਿਓਲ ਅਤੇ ਸੈਕਟਰੀ ਡਾ. ਅਵਨੀਤ ਪਾਲ ਸਿੰਘ ਨੇ ਆਖਿਆ ਕਿ ਤਿਓਹਾਰਾਂ ਦੇ ਸਮੇਂ ਦੌਰਾਨ ਜਦੋਂ ਪੂਰੇ ਦੇਸ਼ ਵਿਚਲੇ ਕਰਮਚਾਰੀਆਂ ਨੂੰ ਕਈ ਕਿਸਮ ਦੀਆਂ ਰਿਆਇਤਾਂ ਅਤੇ ਭੱਤੇ ਦਿੱਤੇ ਜਾ ਰਹੇ ਹਨ ਉੱਥੇ ਹੀ ਪਯੂਨੀਵਰਸਿਟੀ ਪਟਿਆਲਾ ਦੇ ਅਧਿਆਪਕਾਂ ਨੂੰ ਉਨ੍ਹਾਂ ਦੀ ਸਤੰਬਰ ਮਹੀਨੇ ਦੀ ਤਨਖਾਹ ਅਜੇ ਤੱਕ ਜਾਰੀ ਨਹੀਂ ਕੀਤੀ ਗਈ। ਯੂਨੀਵਰਸਿਟੀ ਪ੍ਰਸ਼ਾਸ਼ਨ ਵੱਲੋਂ ਅਧਿਆਪਕਾਂ ਦੀਆਂ ਤਨਖਾਹਾਂ ਨਾ ਜਾਰੀ ਕਰਨਾ ਬਹੁਤ ਮੰਦਭਾਗਾ ਹੈ।
ਆਗੂਆਂ ਨੇ ਕਿਹਾ ਕਿ ਜੇਕਰ‘ ਕੰਮ ਨਹੀਂ, ਤਨਖਾਹ ਨਹੀਂ’ ਦਾ ਸਿਧਾਂਤ ਕਰਮਚਾਰੀਆਂ ’ਤੇ ਲਾਗੂ ਹੁੰਦਾ ਹੈ ਤਾਂ ’ਵਰਸਿਟੀ ਅਧਿਆਪਕ ਵੀ ‘ਤਨਖਾਹ ਨਹੀਂ ਕੰਮ ਨਹੀਂ’ ਦੀ ਪ੍ਰਥਾ ਅਪਣਾਉਣ ਲਈ ਮਜਬੂਰ ਹਨ। ਇਸ ਤੋਂ ਇਲਾਵਾ ਵਾਈਸ ਚਾਂਸਲਰ ਆਪਣੇ ਦਫ਼ਤਰ ਨਿਯਮਤ ਤੌਰ ’ਤੇ ਨਹੀਂ ਆ ਰਹੇ ਹਨ ਜਿਸ ਕਰ ਕੇ ਫੈਕਲਟੀ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੂਟਾ ਨੇ ਇਹ ਵੀ ਕਿਹਾ ਕਿ ਜੇਕਰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਸਤੰਬਰ ਮਹੀਨੇ ਦੀ ਤਨਖਾਹ ਫੌਰੀ ਤੌਰ ’ਤੇ ਜਾਰੀ ਨਹੀਂ ਕੀਤੀ ਗਈ ਤਾਂ ਪੂਟਾ ਨੂੰ ਮਜਬੂਰਨ ਆਪਣਾ ਸੰਘਰਸ਼ ਤਿੱਖਾ ਕਰਨਾ ਪਵੇਗਾ।
ਜੁਆਇੰਟ ਐਕਸ਼ਨ ਕਮੇਟੀ ਦੇ ਧਰਨੇ ਦਾ ‘ਏ’ ਕਲਾਸ ਅਫਸਰ ਐਸੋਸੀਏਸ਼ਨ ਵੱਲੋਂ ਸਮਰਥਨ
ਇੱਥੇ ਪੰਜਾਬੀ ਯੂਨੀਵਰਸਿਟੀ ਵਿੱਚ ਜੁਆਇੰਟ ਐਕਸ਼ਨ ਕਮੇਟੀ ਦੇ ਧਰਨੇ ਵਿੱਚ ਪਹੁੰਚ ਕੇ ’ਵਰਸਿਟੀ ਦੀ ‘ਏ’ ਕਲਾਸ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ, ਮੀਤ ਪ੍ਰਧਾਨ ਰਜਿੰਦਰ ਪ੍ਰਤਾਪ ਸਿੰਘ, ਸਕੱਤਰ ਜਰਨੈਲ ਸਿੰਘ, ਸੰਯੁਕਤ ਸਕੱਤਰ ਮਨਜੀਤ ਸਿੰਘ ਚਹਿਲ, ਖ਼ਜ਼ਾਨਚੀ ਬਚਿੱਤਰ ਸਿੰਘ ਤੇ ਸਾਰੀ ਚੁਣੀ ਹੋਈ ਟੀਮ ਨੇ ਕਮੇਟੀ ਦੀਆਂ ਮੰਗਾਂ ਦਾ ਸਮਰਥਨ ਕਰਦੇ ਹੋਏ ਉਪ ਕੁਲਪਤੀ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਹ ਧਰਨਾ ਤਨਖਾਹਾਂ, ਪੈਨਸ਼ਨਾਂ ਦਾ ਸਮੇਂ ਸਿਰ ਭੁਗਤਾਨ ਕਰਨ, ਪੰਜਾਬ ਸਰਕਾਰ ਤੋਂ ਯੂਨੀਵਰਸਿਟੀ ਲਈ ਵਿੱਤੀ ਸਹਾਇਤਾ ਤੇ ਯੂਨੀਵਰਸਿਟੀ ਦੀ ਖ਼ੁਦਮੁਖ਼ਤਿਆਰੀ ਕਾਇਮ ਰੱਖਣ ਦੀ ਮੰਗ ਲਈ ਦਿੱਤਾ ਜਾ ਰਿਹਾ ਹੈ। ਅੱਜ ਇਹ ਧਰਨਾ 63ਵੇਂ ਦਿਨ ਵਿੱਚ ਦਾਖ਼ਲ ਹੋ ਗਿਆ।