ਰਵੇਲ ਸਿੰਘ ਭਿੰਡਰ
ਪਟਿਆਲਾ, 8 ਅਕਤੂਬਰ
‘ਰਾਹੁਲ ਗਾਂਧੀ ਜੀ ਗੇੜਾ ਮਾਰਦੇ ਰਿਹਾ ਕਰੋ, ਸਾਨੂੰ ਸਾਡੇ ਮੁੱਖ ਮੰਤਰੀ ਦੇ ਦੀਦਾਰ ਹੁੰਦੇ ਰਹਿਣ।’ ਇਹ ਸਿਆਸੀ ਤਨਜ਼ ਕੱਸਦਿਆਂ ਕਾਂਗਰਸ ਵਿਰੋਧੀ ਵੱਖ-ਵੱਖ ਰਾਜਸੀ ਦਲਾਂ ਦੇ ਆਗੂਆਂ ਨੇ ਆਖਿਆ ਕਿ ਚਲੋ ਰਾਹੁਲ ਗਾਂਧੀ ਦੀ ਫੇਰੀ ਦੇ ਬਹਾਨੇ ਹੀ ਸਹੀ ਮੁੱਖ ਮੰਤਰੀ ਨਿਊ ਚੰਡੀਗੜ੍ਹ ਵਿਚਲੇ ਮਹਿਲਾਂ ’ਚੋਂ ਘੱਟੋ ਘੱਟ ਪੰਜਾਬ ਵੱਲ ਬਾਹਰ ਤਾਂ ਆਏ।
ਦੱਸਣਯੋਗ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਸ਼ਾਇਦ ਪੰਜਾਬ ਦੇ ਅਜਿਹੇ ਪਹਿਲੇ ਮੁੱਖ ਮੰਤਰੀ ਹੋਣਗੇ ਜਿਹੜੇ ਸੂਬੇ ਦੇ ਦੌਰਿਆਂ ਨਾਲੋਂ ਵਧੇਰੇ ਚੰਡੀਗੜ੍ਹ ਰਹਿਣ ਨੂੰ ਹੀ ਤਰਜੀਹ ਦੇ ਰਹੇ ਹੋਣ। ਕਰੋਨਾ ਮਾਹੌਲ ਦੌਰਾਨ ਕੈਪਟਨ ਚੰਡੀਗੜ੍ਹ ’ਚੋਂ ਬਹੁਤ ਹੀ ਘੱਟ ਬਾਹਰ ਨਿਕਲੇ ਤੇ ਆਮ ਲੋਕਾਈ ਤੋਂ ਦੂਰੀ ਹੀ ਵੱਟੀ ਰੱਖੀ। ਹੋਰ ਤਾਂ ਹੋਰ ਮੁੱਖ ਮੰਤਰੀ ਨੇ ਆਪਣੇ ਪਟਿਆਲਾ ਸਥਿਤ ਘਰ ਤੋਂ ਵੀ ਦੂਰੀਆਂ ਵੱਟੀਆਂ ਹੋਈਆਂ ਸਨ। ਪਰ ਲੰਘੇ ਦਿਨੀਂ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਤਿੰਨ ਦਿਨਾ ਪੰਜਾਬ ਫੇਰੀ ਨੇ ਆਖ਼ਰ ਮੁੱਖ ਮੰਤਰੀ ਨੂੰ ਚੰਡੀਗੜ੍ਹ ਛੱਡਣ ਲਈ ਮਜਬੂਰ ਕੀਤਾ ਤੇ ਪੰਜਾਬ ’ਚ ਵਿਚਰਦੇ ਨਜ਼ਰ ਆਏ। ਇਸ ਦੌਰਾਨ ਮੁੱਖ ਮੰਤਰੀ ਦੀ ਆਪਣੇ ਪਟਿਆਲਾ ਸਥਿਤ ਘਰ ‘ਨਿਊ ਮੋਤੀ ਮਹਿਲ’ ’ਚ ਵੀ ਗੇੜੀ ਵੱਜਦੀ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਇਕਾਈ ਦੇ ਪ੍ਰਧਾਨ ਹਰਪਾਲ ਜੁਨੇਜਾ ਤੇ ਪਟਿਆਲਾ ਦਿਹਾਤੀ ਦੇ ਇੰਚਾਰਜ ਐਡਵੋਕੇਟ ਸਤਬੀਰ ਸਿੰਘ ਖੱਟੜਾ ਨੇ ਆਖਿਆ ਕਿ ਰਾਹੁਲ ਗਾਂਧੀ ਦੀ ਫੇਰੀ ਦੇ ਬਹਾਨੇ ਮੁੱਖ ਮੰਤਰੀ ਲੋਕਾਂ ’ਚ ਵਿਚਰਦੇ ਮਿਲੇ ਹਨ। ਜੇਕਰ ਰਾਹੁਲ ਪੰਜਾਬ ਗੇੜੀ ਨਾ ਮਾਰਦੇ ਤਾਂ ਸ਼ਾਇਦ ਮੁੱਖ ਮੰਤਰੀ ਵਿਧਾਨ ਸਭਾ ਚੋਣਾਂ ਵੇਲੇ ਹੀ ਲੋਕਾਂ ਨੂੰ ਦਿੱਸਦੇ। ਯੂਥ ਅਕਾਲੀ ਦਲ ਦੇ ਕੌਮੀ ਬੁਲਾਰੇ ਅਮਿੱਤ ਰਾਠੀ ਤੇ ਜ਼ਿਲ੍ਹਾ ਕੋਆਰਡੀਨੇਟਰ ਸਤਿੰਦਰ ਸਿੰਘ ਗਰੋਵਰ ਮੁਤਾਬਕ ਰਾਹੁਲ ਗਾਂਧੀ ਨੂੰ ਪੰਜਾਬ ਆਉਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਘੱਟੋ ਘੱਟ ਪੰਜਾਬੀਆਂ ਨੂੰ ਮੁੱਖ ਮੰਤਰੀ ਦੇ ਦੀਦਾਰ ਹੁੰਦੇ ਰਹਿਣ।
ਬਸਪਾ ਦੇ ਸੂਬਾ ਜਨਰਲ ਸਕੱਤਰ ਜੋਗਾ ਸਿੰਘ ਪਨੌਦੀਆਂ ਨੇ ਆਖਿਆ ਕਿ ਕਾਂਗਰਸ ਹਮੇਸ਼ਾ ਵੀ.ਆਈ.ਪੀ. ਕਲਚਰ ਤੱਕ ਹੀ ਸੀਮਤ ਰਹੀ ਹੈ।