ਪੱਤਰ ਪ੍ਰੇਰਕ
ਪਟਿਆਲਾ, 20 ਅਗਸਤ
ਪੰਜਾਬ ਰਾਜ ਵਣ ਵਿਕਾਸ ਨਿਗਮ ਪ੍ਰਾਜੈਕਟ ਅਫ਼ਸਰ ਪਟਿਆਲਾ ਦੇ ਦਫ਼ਤਰ ਵਿੱਚ ਵਰਕਰਾਂ ਨੂੰ ਤਿੰਨ ਮਹੀਨੇ ਦੀਆਂ ਤਨਖ਼ਾਹਾਂ ਨਾ ਮਿਲਣ ਕਰਕੇ ਰੋਸ ਰੈਲੀ ਕੀਤੀ ਗਈ। ਜਗਮੋਹਨ ਸਿੰਘ ਨੋਲੱਖਾ ਅਤੇ ਚੰਦਨ ਭਾਨ ਪ੍ਰਧਾਨ ਨਿਗਮ ਨੇ ਦੱਸਿਆ ਕਿ ਕਰੀਬ ਢਾਈ ਸਾਲ ਬੀਤਣ ਤੋਂ ਬਾਅਦ ਵੀ ਸਰਕਾਰ ਨੇ ਅਜੇ ਤੱਕ ਵਰਕਰਾਂ ਨੂੰ ਰੈਗੂਲਰ ਕਰਨਾ ਤਾਂ ਇੱਕ ਪਾਸੇ ਤਿੰਨ ਮਹੀਨੇ ਦੀਆਂ ਤਨਖ਼ਾਹਾਂ ਲਈ ਵੀ ਰੋਸ ਧਰਨੇ ਦੇਣ ਲਈ ਮਜਬੂਰ ਕਰ ਦਿੱਤਾ ਹੈ।
ਮੁਲਾਜ਼ਮ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗਾਂ ਮੰਨਣ ਦੀ ਅਪੀਲ ਕੀਤੀ। ਪ੍ਰਾਜੈਕਟ ਅਫ਼ਸਰ ਨੇ ਯੂਨੀਅਨ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਤਨਖ਼ਾਹਾਂ 20 ਅਗਸਤ ਨੂੰ ਦੇ ਦਿੱਤੀਆਂ ਜਾਣਗੀਆਂ, ਅਗਲੀਆਂ ਮੰਗਾਂ ’ਤੇ ਮੀਟਿੰਗ ਆਰਐਮ ਮੁਹਾਲੀ ਨੇ ਵਰਕਰਾਂ ਦੇ ਰੋਸ ਨੂੰ ਦੇਖਦੇ ਹੋਏ ਮੀਟਿੰਗ 21 ਅਗਸਤ ਨੂੰ ਕਰਨ ਦਾ ਸਮਾਂ ਦੇਣ ਤੇ ਯੂਨੀਅਨ ਆਗੂਆਂ ਨੇ ਰੋਸ ਧਰਨਾ ਸਮਾਪਤ ਕੀਤਾ। ਇਸ ਮੌਕੇ ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਨੋਲੱਖਾ ਨੇ ਫ਼ੈਸਲਾ ਕੀਤਾ ਕਿ ਜੇ ਮੰਗਾਂ ਦਾ ਨਿਪਟਾਰਾ ਆਰਐਮ ਮੁਹਾਲੀ ਵੱਲੋਂ ਮੀਟਿੰਗ ਵਿੱਚ ਨਾ ਕੀਤਾ ਗਿਆ ਤਾਂ ਇਹ ਸੰਘਰਸ਼ ਜੰਗਲਾਤ ਕਾਰਪੋਰੇਸ਼ਨ ਅੱਗੇ ਲਗਾਤਾਰ ਕੀਤਾ ਜਾਵੇਗਾ।