ਨਿੱਜੀ ਪੱਤਰ ਪ੍ਰੇਰਕ
ਨਾਭਾ, 3 ਅਕਤੂਬਰ
ਖੇਤੀ ਤੇ ਕਿਸਾਨ ਭਲਾਈ ਮੰਤਰੀ ਰਣਦੀਪ ਸਿੰਘ ਦੇ ਮੰਤਰੀ ਬਣਨ ਮਗਰੋਂ ਨਾਭਾ ਅਤੇ ਭਾਦਸੋਂ ਵਿੱਚ ਪਲੇਠੀ ਫੇਰੀ ਮੌਕੇ ਲੋਕਾਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਮੰਤਰੀ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਠੰਢੇ ਬਸਤੇ ਪਏ ਮਗਨਰੇਗਾ ਕਾਨੂੰਨ ਅੰਤਰਗਤ ਛੋਟੇ ਕਿਸਾਨਾਂ ਨੂੰ ਮਿਲਣ ਵਾਲੇ ਲਾਭ ਉਨ੍ਹਾਂ ਤੱਕ ਪਹੁੰਚਾਏ ਜਾਣਗੇ। ਰਣਦੀਪ ਸਿੰਘ ਨੇ ਕਿਸਾਨੀ ਦੇ ਮੁੱਦੇ ‘ਤੇ ਆਖਿਆ ਕਿ ਸਰਕਾਰ ਵੱਲੋਂ ਬਹੁਤ ਜਲਦ ਖੇਤੀ ‘ਤੇ ਇੱਕ ‘ਪੰਜਾਬ ਦਾ ਵਿਜ਼ਨ ਡਾਕੂਮੈਂਟ’ ਤਿਆਰ ਕੀਤਾ ਜਾਵੇਗਾ ਤਾਂ ਕਿ ਕਾਲੇ ਕਾਨੂੰਨਾਂ ਦਾ ਸਾਹਮਣਾ ਕਰਕੇ ਸੰਘਰਸ਼ ਕਰ ਰਹੇ ਕਿਸਾਨ ਨੂੰ ਰਾਹਤ ਦਿੱਤੀ ਜਾਵੇ। ਇਸ ਦੌਰਾਨ ਉਨ੍ਹਾਂ ਭਾਦਸੋਂ ਅਤੇ ਨਾਭਾ ਵਿੱਚ ਆਮ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ ‘ਤੇ ਹਾਜ਼ਰ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੂੰ ਨਾਭਾ ਕੈਂਟ ਰੋਡ, ਅਲੋਹਰਾਂ ਗੇਟ ਸੜਕ ਅਤੇ ਨਾਭਾ ਗੋਬਿੰਦਗੜ੍ਹ ਸੜਕ ਦੇ ਜਲਦ ਨਿਰਮਾਣ ਲਈ ਨਿਰਦੇਸ਼ ਦਿੱਤੇ। ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਦੀ ਨਾਭਾ ਵਿਖੇ ਪਲੇਠੀ ਫੇਰੀ ਦੇ ਮੱਦੇਨਜ਼ਰ ਪੰਜਾਬ ਪੁਲੀਸ ਦੀ ਟੁਕੜੀ ਵੱਲੋਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਭੇਟ ਕੀਤਾ ਗਿਆ।