ਸਰਬਜੀਤ ਸਿੰਘ ਭੰਗੂ
ਪਟਿਆਲਾ, 3 ਜੂਨ
ਜ਼ਿਲ੍ਹਾ ਪਟਿਆਲਾ ਵਿਚਲੇ ਇੱਕ ਪ੍ਰਾਚੀਨ ਧਾਰਮਿਕ ਅਸਥਾਨ ਵਿਖੇ ਆਪਣੇ ਦੋ ਦੋਸਤ ਲੜਕਿਆਂ ਨਾਲ ਮੱਥਾ ਟੇਕਣ ਆਈਆਂ ਰਾਜਪੁਰਾ ਸ਼ਹਿਰ ਨਾਲ ਸਬੰਧਤ ਦੋ ਨਾਬਾਲਗ ਲੜਕੀਆਂ ਨਾਲ ਇਨ੍ਹਾਂ ਦੇ ਇਨ੍ਹਾਂ ਦੋਸਤਾਂ ਵੱਲੋਂ ਰਾਤ ਭਰ ਹੋਟਲ ’ਚ ਰੱੱਖ ਕੇ ਇਨ੍ਹਾਂ ਦੋਵਾਂ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮੱਥਾ ਟੇਕਣ ਮਗਰੋਂ ਇਨ੍ਹਾਂ ਦੋਵਾਂ ਲੜਕੀਆਂ ਨੂੰ ਦੋਵੇਂ ਲੜਕੇ ਵਰਗਲਾ ਕੇ ਪਟਿਆਲਾ ਸ਼ਹਿਰ ਵਿਚਲੇ ਇੱਕ ਹੋਟਲ ’ਚ ਲੈ ਗਏ ਅਤੇ ਚਾਰੋ ਜਣੇ ਰਾਤ ਨੂੰ ਹੋਟਲ ਦੇ ਕਮਰੇ ਵਿੱਚ ਰਹੇ ਜਿਸ ਦੌਰਾਨ ਹੀ ਇਨ੍ਹਾਂ ਲੜਕਿਆਂ ਨੇ ਦੋਵਾਂ ਨਾਬਾਲਗ ਲੜਕੀਆਂ ਨਾਲ ਕਈ ਵਾਰ ਜਬਰ ਜਨਾਹ ਕੀਤਾ। ਇਸ ਸਬੰਧੀ ਪੀੜਤ ਲੜਕੀਆਂ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਗਈ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਉਹ ਰਾਜਪੁਰਾ ਸ਼ਹਿਰ ਵਿਚਲੇ ਸਕੂਲ ਤੋਂ ਬਾਅਦ ਮੰਦਰ ’ਚ ਮੱਥਾ ਟੇਕਣ ਲਈ ਪਟਿਆਲਾ ਚਲੀਆਂ ਗਈਆਂ ਸਨ, ਜਿਸ ਮਗਰੋਂ ਉਨ੍ਹਾਂ ਦੇ ਦੋਸਤ ਰੋਹਿਤ ਅਤੇ ਨਿਖਿਲ ਚੌਧਰੀ ਉਨ੍ਹਾਂ ਨੂੰ ਇੱਕ ਹੋਟਲ ਵਿੱਚ ਲੈ ਗਏ। ਇਸ ਦੌਰਾਨ ਦੋਵਾਂ ਲੜਕਿਆਂ ਨੇ ਇਨ੍ਹਾਂ ਦੋਵਾਂ ਲੜਕੀਆਂ ਨਾਲ ਜਬਰ-ਜਨਾਹ ਕੀਤਾ। ਇਸ ਸਬੰਧੀ ਦੋਵਾਂ ਵਿੱਚੋਂ ਇੱਕ ਲੜਕੀ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਦੇ ਆਧਾਰ ’ਤੇ ਥਾਣਾ ਸਿਟੀ ਰਾਜਪੁਰਾ ਵਿੱਚ ਦੋਵਾਂ ਲੜਕਿਆਂ ਖਿਲਾਫ਼ ਧਾਰਾ 354 ਅਤੇ 376 ਸਮੇਤ ਪੋਕਸੋ ਐਕਟ ਦੀ ਧਾਰਾ 4 ਤਹਿਤ ਕੇਸ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਰਾਜਪੁਰਾ ਦੇ ਐੱਸਐੱਚਓ ਇੰਸਪੈਕਟਰ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਨਿਖਿਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਰੋਹਿਤ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।