ਰਵੇਲ ਸਿੰਘ ਭਿੰਡਰ
ਪਟਿਆਲਾ, 30 ਅਗਸਤ
ਹਫ਼ਤਾਵਾਰੀ ਲੌਕਡਾਊਨ ਦੇ ਦੂਜੇ ਦਿਨ ਅੱਜ ਮੁੜ ਦੁਕਾਨਾਂ ਬੰਦ ਰਹਿਣ ਕਾਰਨ ਸ਼ਹਿਰ ਦੇ ਵਪਾਰੀਆਂ ਤੇ ਦੁਕਾਨਦਾਰਾਂ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ।
ਪੰਜਾਬ ਪ੍ਰਦੇਸ਼ ਵਪਾਰ ਮੰਡਲ, ਪਟਿਆਲਾ ਇਕਾਈ ਨੇ ਸਰਕਾਰ ਦੇ ਅਜਿਹੇ ਵਪਾਰ ਵਿਰੋਧੀ ਫ਼ੈਸਲੇ ਖ਼ਿਲਾਫ਼ ਲੋਕ ਰਾਏ ਬਣਾਉਣ ਲਈ ਜਿੱਥੇ ਲਾਮਬੰਦੀ ਮੁਹਿੰਮ ਵਿੱਢੀ ਹੈ ਉੱਥੇ ਹੀ ਪਹਿਲੀ ਸਤੰਬਰ ਤੋਂ ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ ਦੇ ਖੁੱਲ੍ਹਣ ਪ੍ਰਕਿਰਿਆ ਦੀ ਤਰਜ਼ ’ਤੇ ਦੁਕਾਨਾਂ ਖੋਲ੍ਹਣ ਦਾ ਫੈਸਲਾ ਵੀ ਲਿਆ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਕਰੋਨਾ ਦੀ ਆੜ ਹੇਠ ਉਨ੍ਹਾਂ ਦੇ ਵਪਾਰ ਤੇ ਵਪਾਰਕ ਸ਼ਕਤੀ ਨੂੰ ਠੱਪ ਕਰ ਰਹੀ ਹੈ।
ਦੱਸਣਯੋਗ ਹੈ ਕਿ ਕਰੋਨਾ ਦੇ ਵਧਦੇ ਪ੍ਰਕੋਪ ਨੂੰ ਰੋਕਣ ਲਈ ਇਹਤਿਆਤੀ ਕਦਮਾਂ ਤਹਿਤ ਪੰਜਾਬ ਸਰਕਾਰ ਵੱਲੋਂ ਪਟਿਆਲਾ ਸ਼ਹਿਰ ਵਿੱਚ ਜਿੱਥੇ ਦੋ ਦਿਨ ਸ਼ਨਿਚਰਵਾਰ ਤੇ ਐਤਵਾਰ ਨੂੰ ਲੌਕਡਾਊਨ ਲਗਾਇਆ ਜਾ ਰਿਹਾ ਹੈ, ਉੱਥੇ ਹੀ ਹਫ਼ਤੇ ਦੇ ਬਾਕੀ ਬੱਚਦੇ ਪੰਜ ਦਿਨਾਂ ਦੌਰਾਨ ਜਿਸਤ-ਟਾਂਕ ਪ੍ਰਣਾਲੀ ਤਹਿਤ ਕਾਰੋਬਾਰਾਂ ਨੂੰ ਵੱਖ ਵੱਖ ਦਿਨਾਂ ਵਿੱਚ ਵੰਡਕੇ ਖੋਲ੍ਹਣ ਦੇ ਹੁਕਮ ਦਿੱਤੇ ਗਏ ਹਨ। ਅਜਿਹੇ ਵਿੱਚ ਵਪਾਰੀਆਂ ਦਾ ਕਹਿਣਾ ਹੈ ਕਿ ਹਫ਼ਤੇ ਦੇ ਆਖ਼ਰੀ ਦੋ ਦਿਨ ਤਾਂ ਉਨ੍ਹਾਂ ਦਾ ਕਾਰੋਬਾਰ ਬਿਲਕੁਲ ਹੀ ਬੰਦ ਰੱਖਿਆ ਜਾ ਰਿਹਾ ਹੈ ਜਦੋਂ ਕਿ ਬਾਕੀ ਪੰਜ ਦਿਨਾਂ ਵਿੱਚ ਉਨ੍ਹਾਂ ਨੂੰ ਦੁਕਾਨਾਂ ਖੋਲ੍ਹਣ ਲਈ ਰੋਸਟਰ ਨਿਯਮ ਵਜੋਂ ਸਿਰਫ ਦੋ ਜਾਂ ਤਿੰਨ ਦਿਨ ਹੀ ਮਿਲ ਰਹੇ ਹਨ। ਇਸ ਤਰ੍ਹਾਂ ਉਨ੍ਹਾਂ ਦਾ ਵਪਾਰ ਆਏ ਦਿਨ ਠੱਪ ਹੋ ਰਿਹਾ ਹੈ।
ਪੰਜਾਬ ਪ੍ਰਦੇਸ਼ ਵਪਾਰ ਮੰਡਲ ਪਟਿਆਲਾ ਦੇ ਪ੍ਰਧਾਨ ਰਾਕੇਸ਼ ਗੁਪਤਾ ਨੇ ਆਖਿਆ ਕਿ ਸਰਕਾਰ ਆਪਣੇ ਤੇ ਪ੍ਰਾਈਵੇਟ ਦਫ਼ਤਰਾਂ ਨੂੰ ਤਾਂ ਰੋਜ਼ ਵਾਂਗ ਖੋਲ੍ਹ ਰਹੀ ਹੈ, ਪ੍ਰੰਤੂ ਦੁਕਾਨਾਂ ’ਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਵਪਾਰ ਮੰਡਲ ਨੇ ਫੈਸਲਾ ਲਿਆ ਹੈ ਕਿ ਜੇਕਰ ਪਹਿਲੀ ਸਤੰਬਰ ਤੋਂ ਸਰਕਾਰੀ ਤੇ ਪ੍ਰਾਈਵੇਟ ਦਫ਼ਤਰ ਅਤੇ ਸੜਕੀ ਆਵਾਜਾਈ ਆਦਿ ਆਮ ਵਾਂਗ ਖੁੱਲ੍ਹੀ ਤਾਂ ਉਹ ਵੀ ਸਰਕਾਰ ਦੀਆਂ ਪਾਬੰਦੀਆਂ ਦੇ ਬਾਵਜੂਦ ਇਹਤਿਆਤੀ ਨਿਯਮਾਂ ਨੂੰ ਅਪਣਾਉਂਦੇ ਹੋਏ ਸਮੁੱਚੇ ਬਾਜ਼ਾਰ ਤੇ ਦੁਕਾਨਾਂ ਆਮ ਵਾਂਗ ਖੋਲ੍ਹਣ ਤੋਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਦੱਸਿਆ ਕਿ ਵਪਾਰ ਮੰਡਲ ਨੇ ਲਾਮਬੰਦੀ ਮੁਹਿੰਮ ਵਿੱਢੀ ਹੈ।