ਗੁਰਨਾਮ ਸਿੰਘ ਚੌਹਾਨ
ਪਾਤੜਾਂ, 22 ਫਰਵਰੀ
ਪਿੰਡ ਹਾਮਝੇੜ੍ਹੀ ਦੇ ਸ਼ਮਸ਼ਾਨਘਾਟ ਵਿੱਚ ਤਾਂਤਰਿਕ ਨੂੰ ਪੰਜ ਵਿਅਕਤੀਆਂ ਸਮੇਤ ਇੱਕ ਵਿਅਕਤੀ ਦੇ ਸਸਕਾਰ ਮਗਰੋਂ ਸਿਵੇ ਦੀ ਸਵਾਹ ’ਤੇ ਮੰਤਰ ਪੜ੍ਹਨੇ ਮਹਿੰਗੇ ਪਏ। ਇਸੇ ਦੌਰਾਨ ਸ਼ਮਸ਼ਾਨਘਾਟ ਵਿੱਚ ਇਕੱਠੇ ਹੋਏ ਪਿੰਡ ਵਾਸੀਆਂ ਵੱਲੋਂ ਰੋਸ ਜ਼ਾਹਰ ਕੀਤੇ ਉੱਤੇ ਮੌਕੇ ’ਤੇ ਪਹੁੰਚੀ ਪੁਲੀਸ ਨੇ ਅਣਪਛਾਤੇ ਤਾਂਤਰਿਕ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਪਿੰਡ ਦਿਆਲ ਨਗਰ ਹਾਮਝੇੜ੍ਹੀ ਦੇ ਸਰਪੰਚ ਮੋਹਣ ਸਿੰਘ ਨੇ ਲਿਖਵਾਏ ਬਿਆਨਾਂ ਵਿੱਚ ਦੱਸਿਆ ਕਿ ਸ਼ਨਿਚਰਵਾਰ ਦੀ ਰਾਤ ਨੂੰ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਔਰਤ ਤੇ ਚਾਰ ਵਿਅਕਤੀਆਂ ਨਾਲ ਤਾਂਤਰਿਕ ਲਾਲ ਚਿੱਟੇ ਕੱਪੜੇ ਸਮੇਤ ਹੋਰ ਬਹੁਤ ਸਾਰਾ ਇਤਰਾਜ਼ਯੋਗ ਸਾਮਾਨ ਲੈ ਕੇ ਮੰਤਰ ਪੜ੍ਹ ਰਿਹਾ ਸੀ। ਸੂਚਨਾ ਮਿਲਣ ’ਤੇ ਸ਼ਮਸ਼ਾਨਘਾਟ ਵਿੱਚ ਪਹੁੰਚੇ ਪਿੰਡ ਵਾਸੀਆਂ ਨੇ ਰੋਸ ਜ਼ਾਹਰ ਕੀਤਾ। ਥਾਣਾਂ ਪਾਤੜਾਂ ਦੇ ਮੁਖੀ ਅਜੈ ਕੁਮਾਰ ਨੇ ਦੱਸਿਆ ਕਿ ਸਰਪੰਚ ਦੇ ਬਿਆਨਾਂ ਦੇ ਆਧਾਰ ’ਤੇ ਨੀਰਜ ਕੁਮਾਰ ਵਾਸੀ ਸੇਖੋਂ ਕਲੋਨੀ ਸਮਾਣਾ, ਯੁਗੇਸ਼ ਕੁਮਾਰ ਵਾਸੀ 10 ਸੈਟਰ ਪੰਚਕੂਲਾ, ਹਰਦੀਪ ਕੌਰ, ਗੁਰਮੀਤ ਸਿੰਘ ਵਾਸੀਅਨ ਮਲਕਾਣਾਂ ਪੱਤੀ ਸਮਾਣਾ, ਰਣਜੀਤ ਸਿੰਘ ਵਾਸੀ ਪਿੰਡ ਹਾਮਝੇੜ੍ਹੀ ਤੋਂ ਇਲਾਵਾ ਅਣਪਛਾਤੇ ਤਾਂਤਰਿਕ ਖਿਲਾਫ਼ ਧਾਰਾ 297 ਤਹਿਤ ਕੇਸ ਦਰਜ ਕਰਕੇ 2 ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਜਦੋਂ ਕਿ ਬਾਕੀਆਂ ਦੀ ਭਾਲ ਲਈ ਲਈ ਛਾਪੇ ਮਾਰੇ ਜਾ ਰਹੇ ਹਨ।