ਸੁਭਾਸ਼ ਚੰਦਰ
ਸਮਾਣਾ, 20 ਅਕਤੂਬਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪਬਲਿਕ ਕਾਲਜ ਸਮਾਣਾ ਵਿੱਚ ਕਰਵਾਇਆ ਗਿਆ ਖੇਤਰੀ ਯੁਵਕ ਅਤੇ ਲੋਕ ਮੇਲਾ ਅੱਜ ਸ਼ਾਨੋ-ਸੌਕਤ ਨਾਲ ਸਮਾਪਤ ਹੋ ਗਿਆ।
ਮੇਲੇ ਦੇ ਆਖਰੀ ਪੜਾਅ ਤੇ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਮੁੱਖ ਮੰਤਰੀ ਦੀ ਭੈਣ ਮਨਪ੍ਰੀਤ ਕੌਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਵਿਧਾਇਕ ਮੈਡਮ ਨੀਨਾ ਮਿੱਤਲ ਨੇ ਸ਼ਿਰਕਤ ਕੀਤੀ। ਕਾਲਜ ਮੈਨੇਜਿੰਗ ਕਮੇਟੀ ਦੇ ਸਕੱਤਰ ਇੰਦਰਜੀਤ ਸਿੰਘ ਵੜੈਚ, ਐੱਸਡੀਐੱਮ ਚਰਨਜੀਤ ਸਿੰਘ, ਪ੍ਰਿੰਸੀਪਲ ਡਾ. ਜਤਿੰਦਰ ਦੇਵ ਤੇ ਹੋਰਨਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਯੁਵਕ ਮੇਲੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਉਭਾਰਨ ਵਾਸਤੇ ਮੁੱਖ ਪਲੈਟਫਾਰਮ ਹੁੰਦੇ ਹਨ ਜਿਨ੍ਹਾਂ ਵਿੱਚ ਿਵਦਿਆਰਥੀ ਵੱਖ ਵੱਖ ਮੁਕਾਬਲਿਆਂ ਵਿੱਚ ਭਾਗ ਲੈਂਦੇ ਹਨ।
ਨਤੀਜਿਆਂ ਦਾ ਐਲਾਨ: ਲੰਬੀ ਹੇਕ ਦੇ ਗੀਤ ਮੁਕਾਬਲੇ ਵਿੱਚ ਖਾਲਸਾ ਕਾਲਜ ਨੇ ਪਹਿਲਾ, ਸਰਕਾਰੀ ਮਹਿੰਦਰਾ ਕਾਲਜ ਨੇ ਦੂਜਾ, ਰਵਾਇਤੀ ਪਹਿਰਾਵੇ ਵਿੱਚ ਖਾਲਸਾ ਕਾਲਜ ਨੇ ਪਹਿਲਾ, ਸਟੇਟ ਕਾਲਜ ਆਫ ਐਜੂਕੇਸ਼ਨ ਨੇ ਦੂਜਾ, ਕਲਾਸੀਕਲ ਡਾਂਸ ਵਿੱਚ ਸਰਕਾਰੀ ਕਾਲਜ ਕੁੜੀਆਂ ਨੇ ਪਹਿਲਾ, ਖਾਲਸਾ ਕਾਲਜ ਨੇ ਦੂਜਾ, ਵਾਰ ਗਾਇਨ ਵਿੱਚ ਖਾਲਸਾ ਕਾਲਜ ਨੇ ਪਹਿਲਾ ਤੇ ਯੂਨੀਵਰਸਿਟੀ ਕਾਲਜ ਘਨੌਰ ਨੇ ਦੂਜਾ, ਕਵੀਸ਼ਰੀ ਗਾਇਨ ਵਿਚ ਮੁਲਤਾਨੀ ਮੱਲ ਮੋਦੀ ਕਾਲਜ ਨੇ ਪਹਿਲਾ, ਖਾਲਸਾ ਕਾਲਜ ਨੇ ਦੂਜਾ, ਕਲੀ ਗਾਇਨ ਵਿੱਚ ਪਬਲਿਕ ਕਾਲਜ ਸਮਾਣਾ ਨੇ ਪਹਿਲਾ, ਯੂਨੀਵਰਸਿਟੀ ਕਾਲਜ ਘਨੌਰ ਨੇ ਦੂਜਾ, ਸ਼ਾਸਤਰੀ ਸੰਗੀਤ ਵਾਦਨ (ਸਵਰ) ਵਿਚ ਪੰਜਾਬੀ ਯੂਨੀਵਰਸਿਟੀ ਨੇ ਪਹਿਲਾ ਤੇ ਖਾਲਸਾ ਕਾਲਜ ਨੇ ਦੂਜਾ, ਸ਼ਾਸਤਰੀ ਸੰਗੀਤ ਵਾਦਨ (ਤਾਲ) ਵਿਚ ਮੁਲਤਾਨੀ ਮੱਲ ਮੋਦੀ ਕਾਲਜ ਨੇ ਪਹਿਲਾ, ਸਰਕਾਰੀ ਮਹਿੰਦਰਾ ਕਾਲਜ ਨੇ ਦੂਜਾ, ਗਿੱਧੇ ਵਿੱਚ ਪੰਜਾਬੀ ਯੂਨੀਵਰਸਿਟੀ ਨੇ ਪਹਿਲਾ ਅਤੇ ਪਬਲਿਕ ਕਾਲਜ ਸਮਾਣਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਓਵਰਆਲ ਚੈਂਪੀਅਨਸ਼ਿਪ ਟਰਾਫੀ ਖਾਲਸਾ ਕਾਲਜ ਪਟਿਆਲਾ ਨੇ ਜਿੱਤੀ
ਖੇਤਰੀ ਯੁਵਕ ਅਤੇ ਲੋਕ ਮੇਲਾ-2022 ਦੀ ਓਵਰਆਲ ਚੈਂਪੀਅਨ ਟਰਾਫੀ ਖਾਲਸਾ ਕਾਲਜ ਪਟਿਆਲਾ ਦੀ ਝੋਲੀ ਵਿੱਚ ਪਈ। ਓਵਰ ਆਲ ਪਹਿਲੀ ਤੇ ਦੂਜੀ ਰਨਰਜ਼-ਅੱਪ ਟਰਾਫੀ ਕ੍ਰਮਵਾਰ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਤੇ ਪਬਲਿਕ ਕਾਲਜ ਸਮਾਣਾ ਨੇ ਜਿੱਤੀ। ਓਵਰਆਲ ਫੋਕ ਆਰਟ ਟਰਾਫੀ ਖਾਲਸਾ ਕਾਲਜ ਪਟਿਆਲਾ ਨੇ ਜਿੱਤੀ। ਇਸੇ ਤਰ੍ਹਾਂ ਓਵਰਆਲ ਥੀਏਟਰ ਟਰਾਫੀ ਖਾਲਸਾ ਕਾਲਜ ਪਟਿਆਲਾ, ਓਵਰਆਲ ਫਾਈਨ ਆਰਟਸ ਟਰਾਫੀ ਸਰਕਾਰੀ ਕਾਲਜ (ਲੜਕੀਆਂ) ਪਟਿਆਲਾ, ਓਵਰਆਲ ਲਿਟਰੇਰੀ ਟਰਾਫੀ ਸਟੇਟ ਕਾਲਜ ਆਫ ਐਜੂਕੇਸ਼ਨ ਪਟਿਆਲਾ, ਓਵਰਆਲ ਡਾਂਸ ਟਰਾਫੀ ਪੰਜਾਬੀ ਯੂਨੀਵਰਸਿਟੀ ਪਟਿਆਲਾ, ਓਵਰਆਲ ਸੰਗੀਤ ਟਰਾਫੀ ਖਾਲਸਾ ਕਾਲਜ ਪਟਿਆਲਾ ਨੇ ਜਿੱਤੀ।