ਪਟਿਆਲਾ: ਇੱਥੇ ਭਾਸ਼ਾ ਵਿਭਾਗ ਦੇ ਵਿਹੜੇ ਲੈਕਚਰ ਹਾਲ ਵਿਚ ਬਜ਼ੁਰਗ ਸ਼ਾਇਰ ਨਿਰਮਲ ਸਿੰਘ ਕਾਹਲੋਂ ਦੀ ਕਿਤਾਬ ‘ਰੂਹਾਂ ਦੇ ਰਿਸ਼ਤੇ’ ਰਿਲੀਜ਼ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ. ਧਨਵੰਤ ਕੌਰ ਨੇ ਸ਼ਿਰਕਤ ਕੀਤੀ ਅਤੇ ਭਾਸ਼ਾ ਵਿਭਾਗ ਦੇ ਕਾਰਜਕਾਰੀ ਡਾਇਰੈਕਟਰ ਵੀਰਪਾਲ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ। ਇਹ ਕਿਤਾਬ ਤਾਲਿਫ ਪ੍ਰਕਾਸ਼ਨ ਬਰਨਾਲਾ ਵੱਲੋਂ ਪ੍ਰਕਾਸ਼ਿਤ ਕੀਤੀ ਗਈ। ਕਵੀ ਡਾ. ਸੁੱਖੀ ਨੇ ਕਿਹਾ ਕਿ ਇਨ੍ਹਾਂ ਕਵਿਤਾਵਾਂ ਦੇ ਸਮੁੱਚੇ ਵਿਸ਼ਿਆਂ ਦਾ ਉਦੇਸ਼ ਆਰਥਿਕ, ਸਮਾਜਕ, ਸਭਿਆਚਾਰਕ ਹੈ, ਬਲਕਿ ਇਨ੍ਹਾਂ ਕਵਿਤਾਵਾਂ, ਬੁੱਧੀ ਅਤੇ ਭਾਵਨਾ ਦਾ ਸੰਯੋਗ ‘ਇਸ਼ਕ ਹਕੀਕੀ’ ਦੇ ਅਨੰਦ ਦੀ ਅਭਿਵਿਆਕਤੀ ਹੈ। ਇਸ ਮੌਕੇ ਬੋਲਦਿਆਂ ਭਾਸ਼ਾ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਸਤਨਾਮ ਸਿੰਘ ਨੇ ਕਿਹਾ ਕਿ ਅਜਿਹੀਆਂ ਲਿਖਤਾਂ ਦੀ ਸਮਝ ਜਲਦੀ ਪੈਂਦੀ ਹੈ ਤੇ ਲੇਖਕ ਇਸ ਸੱਤਵੀਂ ਕਿਤਾਬ ਰਾਹੀਂ ਸਾਹਿਤ ਜਗਤ ਵਿਚ ਆਪਣੀ ਭਰਵੀਂ ਹਾਜ਼ਰੀ ਲਵਾ ਰਿਹਾ ਹੈ। ਇਸ ਵੇਲੇ ਹੋਰ ਵੀ ਕਈ ਵਿਦਵਾਨਾਂ ਨੇ ਆਪਣੇ ਵਿਚਾਰ ਰੱਖੇ। -ਪੱਤਰ ਪ੍ਰੇਰਕ