ਸੁਭਾਸ਼ ਚੰਦਰ
ਸਮਾਣਾ, 6 ਮਈ
ਬਲਾਕ ਸਮਾਣਾ ਦੇ ਪਿੰਡ ਰੇਤਗੜ੍ਹ ਵਿੱਚੋਂ 13 ਕਨਾਲ ਅਤੇ ਖੁਦਾਦਪੁਰ ਵਿੱਚੋਂ ਮਕਾਨਾਂ ਨੂੰ ਛੱਡ ਕੇ ਬਾਕੀ ਸਾਢੇ 14 ਏਕੜ ਜ਼ਮੀਨ ਦਾ ਕਬਜ਼ਾ ਉੱਚ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਛੁਡਾਇਆ ਗਿਆ। ਇਸ ਮੌਕੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਪਿੰਡ ਰੇਤਗੜ੍ਹ ਦੀ ਕਰੀਬ 13 ਕਨਾਲ ਜ਼ਮੀਨ ਜਿਸ ’ਤੇ ਕਰਤਾਰ ਸਿੰਘ ਦਾ 1993 ਤੋਂ ਕਬਜ਼ਾ ਸੀ। ਇਸੇ ਤਰ੍ਹਾਂ ਖੁਦਾਦਪੁਰ ਪਿੰਡ ਦੀ ਸਾਢੇ 14 ਏਕੜ ਸ਼ਾਮਲਾਟ ਜ਼ਮੀਨ ’ਤੇ ਕਿਸਾਨ ਕਾਲਾ ਸਿੰਘ ਦਾ ਕਾਫੀ ਪੁਰਾਣਾ ਕਬਜ਼ਾ ਸੀ ਜਿਸ ਦਾ ਚਕੋਤਾ ਕਬਜ਼ਾਧਾਰੀ ਵੱਲੋਂ ਪੰਚਾਇਤ ਨੂੰ ਨਹੀਂ ਭਰਿਆ ਜਾ ਰਿਹਾ ਸੀ ਜਿਸ ਖ਼ਿਲਾਫ਼ 2017 ਵਿੱਚ ਕਬਜ਼ਾ ਵਾਰੰਟ ਜਾਰੀ ਹੋਏ ਸਨ ਪਰ ਉਕਤ ਵਿਅਕਤੀ ਵੱਲੋਂ ਕਾਨੂੰਨੀ ਕਾਰਵਾਈ ਜਾਰੀ ਰੱਖਣ ’ਤੇ ਕਬਜ਼ਾ ਨਹੀਂ ਛੁਡਾਇਆ ਜਾ ਸਕਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਕਬਜ਼ਾਧਾਰੀਆਂ ਤੋਂ ਕਬਜ਼ਾ ਲੈ ਕੇ ਦੁਬਾਰਾ ਬੋਲੀ ਕੀਤੀ ਜਾਵੇਗੀ। ਇਸ ਮੌਕੇ ਡੀਡੀਪੀਓ ਸੁਖਚੈਨ ਸਿੰਘ, ਨਾਇਬ ਤਹਿਸੀਲਦਾਰ ਕਰਮਜੀਤ ਸਿੰਘ, ਜਤਿੰਦਰ ਸਿੰਘ, ਬਲਵਿੰਦਰ ਸਿੰਘ, ਜਸਬੀਰ ਸਿੰਘ, ਸੁੱਖਾ ਸਿੰਘ, ਜਗਤਾਰ ਸਿੰਘ ਤੋਂ ਇਲਾਵਾ ਪਿੰਡਾ ਦੇ ਸਰਪੰਚ ਪੰਚ ਅਤੇ ਸੈਂਕੜੇ ਪੁਲੀਸ ਮੁਲਾਜ਼ਮ ਹਾਜ਼ਰ ਸਨ।
ਧੂਰੀ (ਪਵਨ ਕੁਮਾਰ ਵਰਮਾ): ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਦੇ ਪਿੰਡ ਈਸੀ ਵਿੱਚ ਪੰਚਾਇਤ ਵਿਭਾਗ ਦੇ ਅਧਿਕਾਰੀ ਡੀਡੀਪੀਓ ਵਨੀਤ ਸ਼ਰਮਾ ਸੰਗਰੂਰ ਅਤੇ ਬੀਡੀਪੀਓ ਲੈਨਿਨ ਗਰਗ ਧੂਰੀ ਦੀ ਅਗਵਾਈ ਹੇਠ ਲਗਭਗ 24 ਵਿੱਘੇ ਜ਼ਮੀਨ ਨਾਜਾਇਜ਼ ਕਬਜ਼ੇ ਛੁਡਵਾ ਕੇ ਪੰਚਾਇਤ ਦੇ ਹਵਾਲੇ ਕੀਤੀ ਗਈ। ਇਸ ਸਬੰਧੀ ਪਿੰਡ ਈਸੀ ਦੀ ਸਰਪੰਚ ਸਰਬਜੀਤ ਕੌਰ ਨੇ ਦੱਸਿਆ ਕਿ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਹੇਠ ਅੱਜ ਲਗਭਗ 24 ਵਿੱਘੇ ਜ਼ਮੀਨ ਨਾਜਾਇਜ਼ ਕਬਜ਼ੇ ਤੋਂ ਛੁਡਵਾ ਕੇ ਦੇਖ-ਰੇਖ ਲਈ ਪੰਚਾਇਤ ਦੇ ਸਪੁਰਦ ਕਰ ਦਿੱਤੀ ਗਈ ਜਿਸ ਨੂੰ ਪੰਚਾਇਤ ਵੱਲੋਂ ਬੋਲੀ ਰਾਹੀਂ ਅੱਗੇ ਠੇਕੇ ’ਤੇ ਦਿੱਤੀ ਗਈ ਹੈ। ਇਸ ਮੌਕੇ ਪੰਚਾਇਤ ਸਕੱਤਰ ਸੰਜੀਵ ਕੁਮਾਰ, ਸਰਪੰਚ ਸਬਰਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਬੂਟਾ ਸਿੰਘ ਈਸੀ, ਮੈਂਬਰ ਪੰਚਾਇਤ ਕਿਰਨਜੀਤ ਕੌਰ, ਸਰਬਜੀਤ ਕੌਰ, ਸੁਖਪ੍ਰੀਤ ਕੌਰ, ਗੁਰਵਿੰਦਰ ਸਿੰਘ, ਜਗਸੀਰ ਸਿੰਘ, ਸੱਤਪਾਲ ਸਿੰਘ, ਦਰਬਾਰਾ ਸਿੰਘ ਸਣੇ ਨਗਰ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਪਿੰਡ ਸਤੌਜ ’ਚ ਲੋਕਾਂ ਨੇ ਜ਼ਮੀਨ ਤੋਂ ਕਬਜ਼ਾ ਛੱਡਿਆ
ਚੀਮਾ ਮੰਡੀ (ਜਸਵੰਤ ਸਿੰਘ ਗਰੇਵਾਲ): ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਵਿੱਚ ਜਿਹੜੇ ਲੋਕਾਂ ਨੇ ਖੇਤੀ ਵਾਲੀ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ, ਉਨ੍ਹਾਂ ਨੇ ਮੁੱਖ ਮੰਤਰੀ ਦੀ ਅਪੀਲ ’ਤੇ ਪਹਿਲ ਕਰਦਿਆਂ ਆਪਣੇ ਆਪ ਕਬਜ਼ਾ ਛੱਡਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਕਬਜ਼ਾ ਛੱਡ ਕੇ ਲੋਕਾਂ ਨੇ ਤਕਰੀਬਨ ਦਸ ਏਕੜ ਜ਼ਮੀਨ ਪੰਚਾਇਤ ਦੇ ਹਵਾਲੇ ਕਰ ਦਿੱਤੀ ਹੈ। ਸਰਪੰਚ ਚਰਨਾ ਸਿੰਘ ਅਤੇ ਨੰਬਰਦਾਰ ਗੁਰਜੀਤ ਸਿੰਘ ਨੇ ਉਨ੍ਹਾਂ ਦਾ ਧੰਨਵਾਦ ਕੀਤਾ।