ਪੱਤਰ ਪ੍ਰੇਰਕ
ਦੇਵੀਗੜ੍ਹ, 11 ਜੁਲਾਈ
ਹੜ੍ਹਾਂ ਕਾਰਨ ਲੋਕ ਆਪਣੇ ਘਰਾਂ ਦੀਆਂ ਛੱਤਾਂ ’ਤੇ ਬੈਠ ਕੇ ਗੁਜ਼ਾਰਾ ਕਰ ਰਹੇ ਹਨ। ਲੋਕਾਂ ਨੂੰ ਘਰੇਲੂ ਸਾਮਾਨ ਲਿਆਉਣਾ ਔਖਾ ਹੋ ਗਿਆ ਹੈ। ਇੱਥੇ ਕਰਿਆਨਾ ਐਸੋਸੀਏਸ਼ਨ ਦੇਵੀਗੜ੍ਹ ਦੇ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਹੜ੍ਹ ਪ੍ਰਭਾਵਿਤਾਂ ਲਈ ਮੋਮਬੱਤੀਆਂ ਅਤੇ ਮਾਚਿਸਾਂ ਆਦਿ ਸਮੱਗਰੀ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਟੀਮ ਦੇ ਮੈਂਬਰ ਗੁਰਪ੍ਰੀਤ ਗੁਰੀ ਨੂੰ ਸੌਂਪੀ ਹੈ। ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜੇ ਹੜ੍ਹ ਪੀੜਤਾਂ ਨੂੰ ਰਾਸ਼ਨ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਇਸ ਕੰਮ ਲਈ ਤਿਆਰ ਰਹਿਣਗੇ।
ਇਸ ਮੌਕੇ ਗੁਰਪ੍ਰੀਤ ਗੁਰੀ ਨੇ ਕਿਹਾ ਕਿ ਸਮੁੱਚੀ ‘ਆਪ’ ਟੀਮ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਅਗਵਾਈ ਹੇਠ ਪ੍ਰਭਾਵਿਤ ਇਲਾਕਿਆਂ ਵਿੱਚ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਕਿਸੇ ਵੀ ਲੋੜ ਲਈ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਸਿੰਗਲਾ, ਪ੍ਰਸ਼ੋਤਮ ਤੋਤਾ, ਕ੍ਰਿਸ਼ਨ ਚੰਦ, ਬਲਜਿੰਦਰ ਸਿੰਘ ਨੰਦਗੜ੍ਹ, ਅਮਨ ਪਠਾਣਮਾਜਰਾ ਆਦਿ ਹਾਜ਼ਰ ਸਨ।