ਗੁਰਪ੍ਰੀਤ ਸਿੰਘ
ਘਨੌਰ, 15 ਜਨਵਰੀ
ਇਸ ਖੇਤਰ ਵਿੱਚ ਮਾਘੀ ਦੇ ਦਿਹਾੜੇ ਮੌਕੇ ਵੱਖ ਵੱਖ ਥਾਵਾਂ ’ਤੇ 40 ਮੁਕਤਿਆ ਦੀ ਯਾਦ ਵਿੱਚ ਧਾਰਮਿਕ ਸਮਾਗਮ ਕਰਵਾਏ ਗਏ। ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਤੀਜੀ ਨਥਾਣਾ ਸਾਹਿਬ ਜੰਡ ਮੰਗੌਲੀ ਵਿਖੇ ਤਿੰਨ ਰੋਜ਼ਾ ਸਾਲਾਨਾ ਸਭਾ ਭਰੀ, ਜਿਸ ਦੌਰਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ ਕਾਮੀਂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ ਦੀ ਅਗਵਾਈ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ। ਗੁਰਦੁਆਰਾ ’ਚ ਅਖੰਡ ਪਾਠ ਸਾਹਿਬ ਦੇ ਭੋਗ ਪੁਆਏ ਗਏ, ਜਿਨ੍ਹਾਂ ਵਿੱਚ ਵੱਡੀ ਗਿਣਤੀ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈਆਂ। ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿੱਚ ਉੱਘੇ ਢਾਡੀ ਜਥਿਆਂ ਨੇ ਸਿੱਖ ਇਤਿਹਾਸ ਅਤੇ ਚਾਲੀ ਮੁਕਤਿਆਂ ਬਾਰੇ ਚਾਨਣਾ ਪਾਇਆ। ਗੁਰਦੁਆਰਾ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਵੱਡੀ ਗਿਣਤੀ ਸੰਗਤ ਨੇ ਇਸ਼ਨਾਨ ਕੀਤਾ। ਕਥਾ ਕੀਰਤਨ ਦਰਬਾਰ ਵਿੱਚ ਭਾਈ ਪਰਮਜੀਤ ਸਿੰਘ ਦੇ ਜਥੇ ਨੇ ਕਥਾ ਕੀਰਤਨ ਦੁਆਰਾ ਸੰਗਤ ਨੁੂੰ ਨਿਹਾਲ ਕੀਤਾ।