ਪੱਤਰ ਪ੍ਰੇਰਕ
ਪਾਤੜਾਂ, 16 ਮਾਰਚ
ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਕ ਵਿੱਚ ਡਿਵਾਈਡਰ ਗਰਿੱਲ ਉੱਤੇ ਲਗਾਏ ਗਏ ਫਲੈਕਸ ਬੋਰਡਾਂ ਤੋਂ ਪ੍ਰੇਸ਼ਾਨ ਦੁਕਾਨਦਾਰਾਂ ਵੱਲੋਂ ਨਗਰ ਕੌਂਸਲ ਦਫਤਰ ਵਿੱਚ ਸ਼ਿਕਾਇਤ ਕਰਨ ’ਤੇ ਤੁਰੰਤ ਕੌਂਸਲ ਕਰਮਚਾਰੀਆਂ ਨੇ ਚੌਕ ਵਿੱਚ ਲਗਾਏ ਗਏ ਫਲੈਕਸ ਬੋਰਡ ਉਤਾਰ ਦਿੱਤੇ ਹਨ।
ਨਗਰ ਕੌਂਸਲ ਪਾਤੜਾਂ ਦੇ ਪ੍ਰਧਾਨ ਰਣਵੀਰ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਮੁੱਖ ਚੌਕ ਵਿੱਚ ਹਾਈਵੇਅ ਉਤੇ ਘਰੇਲੂ ਤੇ ਸ਼ਹਿਰ ਦੀਆਂ ਸਿਆਸੀ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਆਪਣੀ ਮਸ਼ਹੂਰੀ ਲਈ ਫਲੈਕਸ ਬੋਰਡ ਲਗਾ ਦਿੱਤੇ ਜਾਂਦੇ ਹਨ ਜਿਸ ਕਰ ਕੇ ਜਿੱਥੇ ਆਸਪਾਸ ਦੇ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਸੜਕ ਹਾਦਸੇ ਵਾਪਰਨ ਦਾ ਡਰ ਵੀ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਆਸਪਾਸ ਦੇ ਦੁਕਾਨਦਾਰਾਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਜਿਸ ’ਤੇ ਤਰੁੰਤ ਕਾਰਵਾਈ ਕਰਦਿਆਂ ਕੌਂਸਲ ਦੇ ਕਰਮਚਾਰੀਆਂ ਨੇ ਉਕਤ ਲਗਾਏ ਗਏ ਫਲੈਕਸ ਬੋਰਡ ਉਤਾਰ ਦਿੱਤੇ ਹਨ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਗਰਿੱਲ ਉੱਤੇ ਫਲੈਕਸ ਬੋਰਡ ਲਗਾਉਣ ਤੋਂ ਪ੍ਰਹੇਜ਼ ਕੀਤਾ ਜਾਵੇ ਕਿਉਂਕਿ ਜਿੱਥੇ ਇਹ ਪ੍ਰੇਸ਼ਾਨੀ ਦਾ ਕਾਰਨ ਬਣਦੀਆਂ ਹਨ ਉੱਥੇ ਹੀ ਇਨ੍ਹਾਂ ਕਰ ਕੇ ਕਦੇ ਵੀ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਹੈ।