ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 2 ਅਗਸਤ
ਬੀਤੇ ਦਿਨੀਂ ਜ਼ਿਲਾ ਤਰਨ ਤਾਰਨ, ਅੰਮ੍ਰਿਤਸਰ ਅਤੇ ਬਟਾਲਾ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਵੱਡੀ ਗਿਣਤੀ ਵਿਚ ਹੋਈਆਂ ਮੌਤਾਂ ਮਗਰੋਂ ਹਰਕਤ ਵਿੱਚ ਆਈ ਜੁਲਕਾਂ ਪੁਲੀਸ ਨੇ ਨਾਜਾਇਜ਼ ਸ਼ਰਾਬ ਕੱਢਣ ਵਾਲਿਆਂ ’ਤੇ ਸਿਕੰਜ਼ਾ ਕੱਸਿਆ ਹੈ ਅਤੇ ਅੱਜ ਤੜਕੇ ਵੱਡੀ ਕਾਰਵਾਈ ਕਰਦੇ ਹੋਏ ਇੰਸਪੈਕਟਰ ਗੁਰਮੁਖ ਸਿੰਘ ਦੀ ਅਗਵਾਈ ਹੇਠ ਪੁਲੀਸ ਦੀਆਂ ਵੱਖ ਵੱਖ ਟੀਮਾਂ ਨੇ ਪਿੰਡ ਹਾਜੀਪੁਰ ਵਿਖੇ ਛਾਪਾ ਮਾਰਿਆ ਜਿੱਥੇ ਦੇਸੀ ਸ਼ਰਾਬ ਦਾ ਵੱਡਾ ਜਖੀਰਾ ਬਰਾਮਦ ਹੋਇਆ।
ਇੰਸਪੈਕਟਰ ਗੁਰਮੁਖ ਸਿੰਘ ਨੇ ਦੱਸਿਆ ਕਿ ਪਿੰਡ ਹਾਜੀਪੁਰ ਵਿਚ ਕੀਤੀ ਗਈ ਰੇਡ ਦੌਰਾਨ ਬਿੰਦਰ ਸਿੰਘ ਤੋਂ ਚਾਲੂ ਭੱਠੀ, 6 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 200 ਲਿਟਰ ਲਾਹਣ ਬਰਾਮਦ ਹੋਇਆ ਹੈ। ਇਸੇ ਤਰ੍ਹਾਂ ਹੀ ਸ਼ੀਸ਼ਾ ਮਸੀਹ ਤੋਂ 800 ਲਿਟਰ ਲਾਹਣ, ਰੰਗਾ ਤੋਂ 9 ਬੋਤਲਾਂ ਸ਼ਰਾਬ, ਹਰਵਿੰਦਰ ਸਿੰਘ ਤੋਂ 10 ਬੋਤਲਾਂ ਸ਼ਰਾਬ, ਹੰਸਾ ਪੁੱਤਰ ਜਾਗੀਰ ਸਿੰਘ ਤੋਂ 800 ਲੀਟਰ ਲਾਹਣ ਤੇ ਪਿੰਡ ਦੇ ਬਾਹਰੋਂ ਬਾਹਰ ਖੇਤਾਂ ਵਿੱਚੋਂ 800 ਲਿਟਰ ਲਾਹਣ ਬਰਾਮਦ ਹੋਇਆ ਹੈ ਜੋ ਕਿ ਅਣਪਛਾਤੇ ਵਿਅਕਤੀਆਂ ਦੀ ਪਾਈ ਹੋਈ ਲੱਗਦੀ ਹੈ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਤਿੰਨ ਵਿਅਕਤੀਆਂ ਨੂੰ ਮੌਕੇ ’ਤੇ ਕਾਬੂ ਕਰ ਲਿਆ ਗਿਆ ਹੈ ਅਤੇ ਦੋ ਵਿਅਕਤੀ ਫ਼ਰਾਰ ਹੋ ਗਏ ਹਨ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਆਬਕਾਰੀ ਐਕਟ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਅੱਜ ਦੀ ਰੇਡ ਦੌਰਾਨ ਜਸਵੀਰ ਸਿੰਘ, ਭੂਪਿੰਦਰ ਸਿੰਘ, ਲਖਵੀਰ ਸਿੰਘ ਬੱਲ, ਅਮਰਜੀਤ ਖਾਨ, ਅਵਤਾਰ ਸਿੰਘ, ਬਲਦੇਵ ਸਿੰਘ ਸਾਰੇ ਸਹਾਇਕ ਥਾਣੇਦਾਰ ਨੇ ਵਿਸ਼ੇਸ਼ ਟੀਮਾਂ ਬਣਾ ਕੇ ਇਸ ਕਾਰਵਾਈ ਨੂੰ ਸਫਲ ਬਣਾਇਆ।