ਨਿੱਜੀ ਪੱਤਰ ਪ੍ਰੇਰਕ
ਦੇਵੀਗੜ੍ਹ, 7 ਸਤੰਬਰ
ਪਿਛਲੇ ਸਾਲ ਹੜ੍ਹ ਕਾਰਨ ਨੁਕਸਾਨਿਆ ਪਟਿਆਲਾ-ਪਿਹੋਵਾ ਮੁੱਖ ਮਾਰਗ ਦਾ ਨਿਰਮਾਣ ਕਾਰਜ ਮੁੜ ਰੁਕ ਗਿਆ। ਗੁਆਂਢੀ ਰਾਜ ਹਰਿਆਣਾ ਦੇ ਇਤਿਹਾਸਕ ਸਥਾਨਾਂ ਨੂੰ ਜੋੜਨ ਵਾਲੇ ਇਸ ਮਾਰਗ ਦਾ ਕੰਮ ‘ਪੰਜਾਬੀ ਟ੍ਰਿਬਿਊਨ’ ’ਚ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਸ਼ੁਰੂ ਹੋਇਆ ਸੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਹੜ੍ਹ ਦੇ ਪਾਣੀ ਨਾਲ ਇਸ ਸੜਕ ਦਾ ਇੱਕ ਕਿਲੋਮੀਟਰ ਤੋਂ ਵੱਧ ਹਿੱਸਾ ਬੁਰੀ ਤਰ੍ਹਾਂ ਟੁੱਟ ਗਿਆ ਸੀ। ਸੜਕ ਨੂੰ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਮਿੱਟੀ ਪਾ ਕੇ ਚਾਲੂ ਕੀਤਾ ਸੀ, ਕਿਉਂਕਿ ਰਾਹਗੀਰਾਂ ਨੂੰ ਆਵਾਜਾਈ ਵਿੱਚ ਦਿੱਕਤਾਂ ਆ ਰਹੀਆਂ ਸਨ। ਹੁਣ ਲੋਕ ਨਿਰਮਾਣ ਵਿਭਾਗ ਵੱਲੋਂ ਇਸ ਸੜਕ ਦੇ ਇੱਕ ਕਿਲੋਮੀਟਰ ਦੇ ਟੋਟੇ ਨੂੰ ਨਵਾਂ ਤਿਆਰ ਕੀਤਾ ਜਾ ਰਿਹਾ ਹੈ। ਸੜਕ ਦਾ ਕੰਮ ਬੰਦ ਹੋਣ ਸਬੰਧੀ ਵਿਭਾਗ ਦੇ ਜੇਈ ਨੇ ਕਿਹਾ ਕਿ ਸੜਕ ਦਾ ਕੰਮ ਮੌਸਮ ਖਰਾਬ ਹੋਣ ਕਾਰਨ ਰੋਕਿਆ ਗਿਆ ਹੈ। ਮੌਸਮ ਸਾਫ ਹੋਣ ਤੋਂ ਬਾਅਦ ਕੰਮ ਜਲਦੀ ਹੀ ਪੁਰਾ ਕੀਤਾ ਜਾਵੇਗਾ ਅਤੇ ਬਾਕੀ ਸੜਕ ਨੂੰ ਚੌੜਾ ਕਰਨ ਦਾ ਕੰਮ ਜੰਗਲਾਤ ਵਿਭਾਗ ਵੱਲੋਂ ਐਨਓਸੀ ਮਿਲਣ ਉਪਰੰਤ ਸ਼ੁਰੂ ਕਰ ਦਿੱਤਾ ਜਾਵੇਗਾ।