ਹਰਵਿੰਦਰ ਕੌਰ ਨੌਹਰਾ
ਨਾਭਾ, 13 ਅਗਸਤ
ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਮੰਚ ਦੇ ਸੱਦੇ ’ਤੇ ਸਰਕਾਰੀ ਤੇ ਅਰਧ ਸਰਕਾਰੀ ਤੀਜਾ ਤੇ ਚੌਥਾ ਦਰਜਾ ਕਰਮਚਾਰੀਆਂ ਕੰਟਰੈਕਟ, ਆਊਟ ਸੋਰਸ, ਦਿਹਾੜੀਦਾਰ ਤੇ ਪਾਰਟ ਟਾਈਮ ਕਰਮਚਾਰੀਆਂ ਤੇ ਪੈਨਸ਼ਨਰਾਂ ਨੇ ਕਾਲੇ ਚੋਗੇ ਪਾ ਕੇ ਕਾਲੇ ਤੇ ਲਾਲ ਝੰਡਿਆਂ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਕੱਢੇ ਕਰਮਚਾਰੀਆਂ ਨੂੰ ਪੱਕਾ ਕਰਵਾਉਣ, ਛੇਵੇਂ ਪੇ-ਕਮਿਸ਼ਨ ਦੀ ਰਿਪੋਰਟ ਜਾਰੀ ਕਰਵਾਉਣ, ਪੰਜ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਤੇ 133 ਮਹੀਨੇ ਦਾ ਬਣਦਾ ਬਕਾਇਆ ਜਾਰੀ ਕਰਵਾਉਣ, 2004 ਤੋਂ ਬੰਦ ਕੀਤੀ ਪੈਨਸ਼ਨ ਬਹਾਲ ਕਰਵਾਉਣ, ਸੁਪਰੀਮ ਕੋਰਟ ਦੇ ਫੈਸਲੇ ਬਰਾਬਰ ਕੰਮ ਬਰਾਬਰ ਤਨਖਾਹ ਦੇਣ ਦਾ ਫੈਸਲਾ ਲਾਗੂ ਕਰਵਾਉਣ, 50 ਫੀਸਦੀ ਕੱਟਿਆ ਮੋਬਾਈਲ ਭੱਤਾ ਵਾਪਸ ਕਰਵਾਉਣ, ਜਲ ਸਰੋਤ (ਸਿੰਚਾਈ) ਵਿਭਾਗ ਦੇ ਪੁਨਰਗਠਨ ਦੇ ਨਾਂ ’ਤੇ 90 ਫੀਸਦੀ ਦਰਜਾ ਤਿੰਨ ਤੇ ਦਰਜ ਚਾਰ ਦੀਆਂ ਅਸਾਮੀਆਂ ਘਟਾਉਣ ਦਾ ਨੋਟੀਫਿਕੇਸ਼ਨ 29 ਜੁਲਾਈ ਵਾਪਸ ਲੈਣ, ਦਰਜਾ ਤਿੰਨ ਤੇ ਦਰਜਾ ਚਾਰ ਦੀ ਰੈਗੂਲਰ ਕਰਵਾਉਣ ਤੇ ਕੇਂਦਰੀ ਪੇ-ਸਕੇਲ ਲਾਗੂ ਕਰਨ ਦਾ ਪੱਤਰ 17 ਜੁਲਾਈ ਵਾਪਸ ਲੈਣ ਆਦਿ ਮੰਗਾਂ ਨੂੰ ਲੈ ਕੇ ਪਟਿਆਲਾ ਗੇਟ ਸਥਿਤ ਬਾਬਾ ਸਾਹਿਬ ਅੰਬੇਡਕਰ ਪਾਰਕ ’ਚ ਦੋ ਘੰਟੇ ਰੈਲੀ ਕੀਤੀ ਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਮੁਲਾਜ਼ਮਾਂ ਤੇ ਟਰੇਡ ਯੂਨੀਅਨ ਸਮੇਤ ਪੈਨਸ਼ਨਰਾਂ ਦੇ ਆਗੂਆਂ ਦਰਸਨ ਸਿੰਘ ਲੁਬਾਣਾ, ਰਣਜੀਤ ਸਿੰਘ ਰਾਣਵਾ, ਬਲਵਿੰਦਰ ਸਿੰਘ, ਸੋਹਣ ਸਿੰਘ ਸਿੱਧੂ, ਦੀਪ ਚੰਦ ਚੰਸ, ਜਗਮੋਹਣ ਸਿੰਘ ਨੌਲੱਖਾ, ਵਰਿੰਦਰ ਕੁਮਾਰ ਵੈਣੀ, ਕੁਲਵਿੰਦਰ ਸਿੰਘ, ਲਖਵੀਰ ਸਿੰਘ ਲੱਕੀ ਨੇ ਕਿਹਾ ਕਿ ਪੌਣੇ ਚਾਰ ਸਾਲ ਪੂਰੇ ਹੋਣ ਉਪਰੰਤ ਵੀ ਮੁਲਾਜ਼ਮਾਂ ਤੇ ਪੈਨਸਨਾਂ ਦੀ ਇੱਕ ਵੀ ਮੰਗ ਪੂਰੀ ਨਹੀਂ ਕੀਤੀ ਤੇ ਨਾ ਹੀ ਕੰਟਰੈਕਟ, ਦਿਹਾੜੀਦਾਰ, ਆਊਟ ਸੋਰਸ ਸਮੇਤ ਪਾਰਟੀ ਟਾਇਮ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਹੈ।
ਅਗਲੇ ਪ੍ਰੋਗਰਾਮ ਸਬੰਧੀ ਸੂਬਾ ਪ੍ਰਧਾਨ ਦਰਸਨ ਸਿੰਘ ਲੁਬਾਣਾ ਨੇ ਦੱਸਿਆ ਕਿ ਮਿਤੀ 14 ਅਗਸਤ ਨੂੰ ਰੈਲੀ ਕਰਕੇ ਮਿਤੀ 15 ਅਗਸਤ ਨੂੰ ਕਾਲੇ ਚੋਗੇ ਪਾ ਕੇ ਅਤੇ ਕਾਲੇ ਝੰਡਿਆਂ ਨਾਲ ਮਾਰਚ ਕਰਕੇ ਅਜਾਦੀ ਦਾ ਝੰਡਾ ਲਹਿਰਾਉਣ ਆ ਰਹੇ ਮੰਤਰੀਆਂ ਨੂੰ ਜ਼ਿਲ੍ਹਾ ਪੱਧਰ ’ਤੇ ਮੈਮੋਰੰਡਮ ਦਿੱਤੇ ਜਾਣਗੇ ਤੇ 18 ਅਗਸਤ ਨੂੰ ਕੰਮ ਛੋੜ ਹੜਤਾਲ ਕੀਤੀ ਜਾਵੇਗੀ।