ਅਸ਼ਵਨੀ ਕੁਮਾਰ
ਸਮਾਣਾ, 10 ਸਤੰਬਰ
ਇਥੇ ਮੇਨ ਰੋਡ ’ਤੇ ਵਿੱਕੀ ਸਵੀਟਸ ਰੈਸਤਰਾਂ ਵਿੱਚ ਬੀਤੀ ਦੇਰ ਰਾਤ ਜਨਮ ਦਿਨ ਪਾਰਟੀ ਕਰਨ ਆਏ ਨੌਜਵਾਨਾਂ ਤੇ ਰੈਸਤਰਾਂ ਦੇ ਮਾਲਕ ਵਿਚਕਾਰ ਸ਼ਰਾਬ ਪੀਣ ਨੂੰ ਲੈ ਕੇ ਹੋਈ ਤਕਰਾਰ ਕਾਰਨ ਨੌਜਵਾਨਾਂ ਨੇ ਰੈਸਤਰਾਂ ਦੀ ਭੰਨ-ਤੋੜ ਕੀਤੀ ਤੇ ਮਾਲਕ, ਉਸ ਦੇ ਭਰਾ ਤੇ ਬੱਚੇ ਦੀ ਕੁੱਟਮਾਰ ਕੀਤੀ। ਇਸ ਤੋਂ ਗੁੱਸੇ ਵਿਚ ਆਏ ਦੁਕਾਨਦਾਰਾਂ ਨੇ ਬਾਜ਼ਾਰ ਬੰਦ ਰੱਖੇ। ਸਮਾਣਾ ਪੁਲੀਸ ਨੇ ਪਿੰਡ ਮਿਆਲਾ ਦੇ ਗੁਰਵਿੰਦਰ ਸਿੰਘ, ਜਸਵਿੰਦਰ ਸਿੰਘ, ਜਤਿੰਦਰ ਸਿੰਘ, ਬਲਜੀਤ ਸਿੰਘ ਅਤੇ ਅਮਨਿੰਦਰ ਸਿੰਘ ਸਣੇ ਦੋ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਵਿੱਕੀ ਸਵੀਟਸ ਦੇ ਮਾਲਕ ਰਾਜੀਵ ਪਾਠਕ ਨੇ ਦੱਸਿਆ ਕਿ ਨੌਜਵਾਨਾਂ ਨੇ ਰੈਸਤਰਾਂ ਵਿੱਚ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਜਦੋਂ ਉਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਨੇ ਉਸ ਦੇ ਭਰਾ ਸੰਜੀਵ ਪਾਠਕ ਅਤੇ ਬੇਟੇ ਮਾਧਵ ਪਾਠਕ ਨਾਲ ਮਾਰਕੁੱਟ ਕੀਤੀ ਤੇ ਰੈਸਤਰਾਂ ਦਾ ਸਾਮਾਨ ਭੰਨਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਸਿਟੀ ਪੁਲੀਸ ਨੂੰ ਦਿੱਤੀ ਗਈ। ਸਿਟੀ ਪੁਲੀਸ ਮੁਖੀ ਗੁਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪੁਲੀਸ ਨੇ ਛੇਤੀ ਹੀ ਸਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।