ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਨਵੰਬਰ
ਰਾਜਪੁਰਾ ਰੋਡ ’ਤੇ ਨਵੇਂ ਬੱਸ ਅੱਡੇ ਦੀ ਉਸਾਰੀ ਕਾਰਨ ਚੌਰਾ ਚੌਕ ਤੋਂ ਅਰਬਨ ਅਸਟੇਟ ਚੌਕ ਤੱਕ ਬੰਦ ਕੀਤੀ ਆਵਾਜਾਈ ਅੱਜ ਬਹਾਲ ਕਰ ਦਿੱਤੀ ਗਈ ਹੈ ਪਰ ਅਜੇ ਇਸ ਚੌਕ ਤੋਂ ਕੇਵਲ ਕਾਰਾਂ, ਐਂਬੂਲੈਂਸਾਂ, ਸਕੂਟਰ-ਮੋਟਰਸਾਈਕਲ, ਥ੍ਰੀਵੀਲ੍ਹਰ ਹੀ ਲੰਘ ਸਕਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦਿਤੀ। ਉਨ੍ਹਾਂ ਦੱਸਿਆ ਕਿ ਹਾਲ ਦੀ ਘੜੀ ਇਸ ਰਸਤੇ ਤੋਂ ਭਾਰੀ ਵਾਹਨਾਂ ਦੀ ਆਵਾਜਾਈ ਪਹਿਲਾਂ ਦੀ ਤਰ੍ਹਾਂ ਬੰਦ ਰਹੇਗੀ। ਉਨ੍ਹਾਂ ਦੱਸਿਆ ਕਿ ਸਰਹਿੰਦ ਬਾਈਪਾਸ ਨੇੜੇ ਬਣ ਰਹੇ ਨਵੇਂ ਬੱਸ ਅੱਡੇ ਦੇ ਮੂਹਰੇ ਬੱਸਾਂ ਦੇ ਬੱਸ ਸਟੈਂਡ ’ਚ ਦਾਖਲੇ ਲਈ ਲੋਕ ਨਿਰਮਾਣ ਵਿਭਾਗ ਵੱਲੋਂ ਸੜਕ ਉੱਪਰ ਬਣਾਏ ਜਾ ਰਹੇ ਫਲਾਈਓਵਰ ਦੇ ਨਿਰਮਾਣ ਕਾਰਜਾਂ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਲਈ ਇਹ ਸੜਕ ਬੰਦ ਕੀਤੀ ਗਈ ਸੀ। ਉਨ੍ਹਾਂ ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਐੱਸ.ਐੱਲ. ਗਰਗ ਨੂੰ ਕਿਹਾ ਕਿ ਅਜੇ ਭਾਰੀ ਵਾਹਨਾਂ ਲਈ ਸੜਕ ਬੰਦ ਹੋਣ ਕਰਕੇ ਰਾਹਗੀਰਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਪੁਖ਼ਤਾ ਇੰਤਜ਼ਾਮ ਕੀਤੇ ਜਾਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਵਾਸੀਆਂ ਦੀ ਸਹੂਲਤ ਲਈ 60.97 ਕਰੋੜ ਨਾਲ ਉਸਾਰੇ ਜਾ ਰਹੇ ਆਧੁਨਿਕ ਬੱਸ ਅੱਡੇ ਦੇ ਨਿਰਮਾਣ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ। ਇਸ ਦੇ ਪੁਲ ਲਈ ਪੀ.ਆਈ.ਡੀ.ਬੀ. ਵੱਲੋਂ 7.70 ਕਰੋੜ ਵੱਖਰੇ ਜਾਰੀ ਕੀਤੇ ਗਏ ਸਨ। ਇਸ ਦੇ ਨਿਰਮਾਣ ਕਾਰਜਾਂ ਨੂੰ ਛੇਤੀ ਮੁਕੰਮਲ ਕਰਨ ਲਈ ਰਾਜਪੁਰਾ ਰੋਡ ਨੂੰ ਬੰਦ ਕੀਤਾ ਗਿਆ ਸੀ।
ਨਿਰਮਾਣ ਵਿਭਾਗ ਦੇ ਐਕਸੀਅਨ ਐੱਸ.ਐੱਲ. ਗਰਗ ਨੇ ਦੱਸਿਆ ਕਿ ਨਵੇਂ ਬੱਸ ਅੱਡੇ ਦੇ ਮੂਹਰੇ ਸੜਕ ਉਪਰੋਂ ਫਲਾਈਓਵਰ ਦੀ ਸਲੈਬ ਪੈਣ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਪਰ ਅਜੇ ਬਾਕੀ ਸਲੈਬ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਬੱਸ ਅੱਡੇ ਦੇ ਨਿਰਮਾਣ ਕਾਰਜ ਵੀ ਤੇਜ਼ੀ ਨਾਲ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਬੱਸਾਂ ਅਤੇ ਟਰੱਕ ਆਦਿ ਭਾਰੀ ਵਾਹਨ ਵੀ ਇੱਥੋਂ ਦੀ ਜਲਦੀ ਚਾਲੂ ਕਰ ਦਿੱਤੇ ਜਾਣਗੇ।