ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਅਕਤੂਬਰ
ਸਮੁੱਚੇ ਜ਼ਿਲ੍ਹੇ ’ਚ ਅਜੇ ਚੌਥਾ ਹਿੱਸਾ ਝੋਨਾ ਹੀ ਵਿਕਣ ਲਈ ਪੁੱਜਿਆ ਹੋਣ ਦੇ ਬਾਵਜੂਦ ਜ਼ਿਲ੍ਹੇ ਦੀਆਂ ਕੁਝ ਮੰਡੀਆਂ ’ਚ ਝੋਨੇ ਦੀ 75 ਫੀਸਦੀ ਆਮਦ ਹੋ ਗਈ। ਇਸ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜਿਹੀਆਂ ਕੁਝ ਮੰਡੀਆਂ ’ਚ ਖਰੀਦ ਹੀ ਬੰਦ ਕਰ ਦਿੱਤੀ ਗਈ ਸੀ। ਅਸਲ ’ਚ ਅਜਿਹੀ ਕਾਰਵਾਈ ਬਾਹਰਲੇ ਰਾਜਾਂ ਤੋਂ ਲਿਆਂਦਾ ਝੋਨਾ ਪੰਜਾਬ ’ਚ ਵਿਕਣ ਦੇ ਰੁਝਾਨ ਨੂੰ ਠੱਲ੍ਹਣ ਲਈ ਜਾਰੀ ਮੁਹਿੰਮ ਦੀ ਕੜੀ ਵਜੋਂ ਕੀਤੀ ਗਈ ਸਮਝੀ ਜਾ ਰਹੀ ਹੈ ਪਰ ਡਿਪਟੀ ਕਮਿਸ਼ਨਰ ਸੰਦੀਪ ਹੰਸ ਵੱਲੋਂ ਤੁਰੰਤ ਹੀ ਇਸ ਸਬੰਧੀ ਟੀਮ ਬਣਾ ਕੇ ਜਾਂਚ ਵੀ ਕਰਵਾਈ ਪਰ ਇਸ ਦੌਰਾਨ ਬਾਹਰਲੇ ਰਾਜਾਂ ਵਾਲ਼ੇ ਝੋਨੇ ਵਾਲ਼ੇ ਤੱਥ ਨਾ ਮਿਲਣ ’ਤੇ ਇਨ੍ਹਾਂ ਕੁਝ ਮੰਡੀਆਂ ’ਚ ਰੋਕੀ ਗਈ ਖਰੀਦ ਮੁੜ ਤੋਂ ਚਾਲੂ ਕਰ ਦਿੱਤੀ ਗਈ। ਜਿਕਰਯੋਗ ਹੈ ਕਿ ਇਹ ਤਿੰਨ ਮੰਡੀਆਂ ਪੰਜਾਬ ਤੇ aਰਿਆਣਾ ਦੀ ਹੱਦ ’ਤੇ ਪੈਂਦੀਆਂ ਹਨ ਜਿਨ੍ਹਾਂ ਵਿਚ ਦੋ ਦੇਵੀਗੜ੍ਹ ਅਤੇ ਇੱਕ ਪਾਤੜਾਂ ਖੇਤਰ ਦੀ ਮੰਡੀ ਸ਼ਾਮਲ ਰਹੀ। ਸਮੁੱਚੇ ਜ਼ਿਲ੍ਹੇ ’ਚ ਐਤਕੀ 14.50 ਲੱਖ ਟਨ ਝੋਨੇ ਦੀ ਆਮਦ ਆਂਕੀ ਗਈ ਹੈ ਪਰ ਕੁਝ ਦਿਨ ਪਹਿਲਾਂ ਜਦੋਂ ਅਜੇ ਜ਼ਿਲ੍ਹੇ ਭਰ ’ਚ ਚੌਥਾ ਹਿੱਸਾ ਝੋਨਾ ਹੀ ਮੰਡੀਆਂ ’ਚ ਆਇਆ, ਤਾਂ ਇਨ੍ਹਾਂ ਤਿੰਨ ਮੰਡੀਆਂ ’ਚ ਝੋਨੇ ਦੀ ਆਮਦ 75 ਫੀਸਦੀ ਹੋ ਗਈ ਸੀ। ਇਸ ਕਰਕੇ ਇਨ੍ਹਾਂ ਮੰਡੀਆਂ ’ਚ ਬਾਹਰਲੇ ਰਾਜਾਂ ਦਾ ਝੋਨਾ ਵਿਕਣ ਦੇ ਸ਼ੱਕ ’ਚ ਇਥੇ ਖਰੀਦ ਰੋਕ ਦਿੱਤੀ ਗਈ ਸੀ ਪਰ ਮਗਰੋਂ ਜਾਂਚ ਕਰਵਾ ਕੇ ਜਲਦੀ ਹੀ ਖਰੀਦ ਖੋਲ੍ਹ ਵੀ ਦਿੱਤੀ ਗਈ। ਵਪਾਰੀਆਂ ਨੇ ਕਿਸਾਨਾਂ ਤੇ ਹੋਰ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਬਾਸਮਤੀ ਵਾਲ਼ੇ ਟਰੱਕ ਰੋਕ ਕੇ ਉਨ੍ਹਾਂ ਨੂੰ ਖ਼ੱਜਲ਼ ਖੁਆਰ ਨਾ ਕੀਤਾ ਜਾਵੇ। ਉਧਰ ਡਿਪਟੀ ਕਮਿਸ਼ਨਰ ਸੰਦੀਪ ਹੰਸ ਅਤੇ ਐਸਐਸਪੀ ਹਰਚਰਨ ਭੁੱਲਰ ਦਾ ਕਹਿਣਾ ਸੀ ਕਿ ਜਿਥੇ ਬਾਹਰਲੇ ਰਾਜਾਂ ਤੋਂ ਆਉਣ ਵਾਲ਼ੇ ਝੋਨੇ ’ਤੇ ਨਿਗ੍ਹਾ ਰੱਖੀ ਜਾ ਰਹੀ ਹੈ, ਉਥੇ ਹੀ ਇਹ ਵੀ ਖਿਆਲ ਰੱਖਿਆ ਜਾ ਰਿਹਾ ਹੈ ਕਿ ਕਿਸੇ ਵਾਪਰੀ ਜਾਂ ਹੋਰ ਨੂੰ ਬਿਨਾ ਵਜ੍ਹਾ ਖੱਜਲ ਨਾ ਹੋਣਾ ਪਵੇ।