ਹਰਜੀਤ ਸਿੰਘ
ਖਨੌਰੀ, 18 ਜੂਨ
ਆਲ ਇੰਡੀਆ ਕਿਸਾਨ ਕਾਂਗਰਸ ਦੇ ਨੈਸ਼ਨਲ ਕੋਆਰਡੀਨੇਟਰ ਰਾਹੁਲਇੰਦਰ ਸਿੰਘ ਸਿੱਧੂ ਭੱਠਲ ਵੱਲੋਂ ਹਲਕੇ ਲਹਿਰਾਗਾਗਾ ਦੇ ਮੂਨਕ ਤੇ ਖਨੌਰੀ ਖੇਤਰਾਂ ’ਚ ਘੱਗਰ ਦਰਿਆ ਦਾ ਆਪਣੀਆਂ ਟੀਮਾਂ ਨਾਲ ਸਰਵੇ ਕੀਤਾ। ਕਾਂਗਰਸੀ ਆਗੂ ਨੇ ਸਰਕਾਰ ’ਤੇ ਦੋਸ਼ ਲਗਾਇਆ ਕਿ ਸਰਕਾਰ ਦੀ ਕਹਿਣੀ ਤੇ ਕਰਨੀ ਵਿੱਚ ਫ਼ਰਕ ਹੈ। ਪਹਿਲੇ ਸਾਲ ਤਾਂ ਇਨ੍ਹਾਂ ਨੇ ਵੱਡੇ-ਵੱਡੇ ਦਾਅਵੇ ਕਰ ਕੇ ਕਿਹਾ,‘ਅਸੀਂ ਤਾਂ ਬਰਸਾਤਾਂ ਤੋਂ ਪਹਿਲਾਂ ਹੀ ਦਰਿਆ ਦੀ ਸਫ਼ਾਈ ਕਰਵਾ ਰਹੇ ਹਾਂ ਪਰ ਹੁਣ ਬਰਸਾਤਾਂ ਸਿਰ ’ਤੇ ਆ ਗਈਆਂ ਹਨ ਅਤੇ ਅਜੇ ਤੱਕ ਘੱਗਰ ਦਰਿਆ ਦੀ ਸਫ਼ਾਈ ਨਹੀਂ ਕਰਵਾਈ ਗਈ ਜਿਸ ਦਾ ਇੱਕ ਖ਼ਮਿਆਜ਼ਾ ਖੇਤਰ ਦੇ ਲੋਕਾਂ ਨੂੰ ਭੁਗਤਣਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਘੱਗਰ ਦਰਿਆ ਦਾ ਪ੍ਰਾਜੈਕਟ ਉਨ੍ਹਾਂ ਦੀ ਮਾਤਾ ਬੀਬੀ ਰਾਜਿੰਦਰ ਕੌਰ ਭੱਠਲ ਵੱਲੋਂ ਲੰਬੀ ਲੜਾਈ ਲੜ ਕੇ ਪਾਸ ਕਰਵਾਇਆ ਗਿਆ ਸੀ ਜਿਸ ਦਾ ਤਿੰਨ ਪੜਾਅ ਵਿੱਚ ਕੰਮ ਹੋਣਾ ਸੀ ਅਤੇ ਪਹਿਲੇ ਫ਼ੇਜ਼ ਵਿੱਚ ਖਨੌਰੀ ਤੋਂ ਲੈ ਕੇ ਮੰਡਵੀ ਤੱਕ 150 ਕਰੋੜ ਰੁਪਏ ਦੀ ਲਾਗਤ ਕੰਮ ਕਰਵਾਇਆ ਗਿਆ ਪਰ ਉਸ ਤੋਂ ਬਾਅਦ ਅਗਲੀਆਂ ਸਰਕਾਰਾਂ ਵੱਲੋਂ ਪੈਰਵਾਈ ਨਾ ਕੀਤੇ ਜਾਣ ਕਰਕੇ ਹਰਿਆਣਾ ਸਰਕਾਰ ਵੱਲੋਂ ਮਾਮਲਾ ਕੋਰਟ ਲਿਜਾਏ ਜਾਣ ਕਰਕੇ ਮੰਡਵੀ ਤੋਂ ਮਕੋਰੜ ਸਾਹਿਬ ਅਤੇ ਕੜੈਲ ਤੱਕ ਦੇ ਕੰਮ ’ਤੇ ਰੋਕ ਲੱਗ ਗਈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਸਮਾਂ ਰਹਿੰਦੇ ਘੱਗਰ ਦਰਿਆ ਦੀ ਸਫ਼ਾਈ ਕਰਵਾ ਦੇਵੇ ਤਾਂ ਇਸ ਖੇਤਰ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਇਆ ਜਾ ਸਕਦਾ ਹੈ।