ਪੱਤਰ ਪ੍ਰੇਰਕ
ਪਾਤੜਾਂ, 25 ਜੁਲਾਈ
ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਕੀਤੀ ਵਾਅਦਾ ਖਿਲਾਫ਼ੀ ਵਿਰੁੱਧ ਦਿੱਤੇ ਸੰਘਰਸ਼ ਦੇ ਸੱਦੇ ਤਹਿਤ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਭਵਿੱਖੀ ਰਣਨੀਤੀ ਲਈ ਕਨਵੈਨਸ਼ਨ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਿਰਕਤ ਕੀਤੀ। ਕਨਵੈਨਸ਼ਨ ਦੀ ਪ੍ਰਧਾਨਗੀ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ ਨੇ ਕੀਤੀ।
ਸੂਬਾਈ ਕਿਸਾਨ ਆਗੂ ਹਰਭਜਨ ਸਿੰਘ ਬੁੱਟਰ ਨੇ ਕਿਹਾ ਕਿ ਜਥੇਬੰਦੀ ਕਿਸਾਨਾਂ ਨਾਲ ਬੇਇਨਸਾਫ਼ੀ ਵਿਰੁੱਧ ਹਮੇਸ਼ਾ ਮੈਦਾਨ ਵਿੱਚ ਡਟੀ ਹੈ ਤੇ ਅੱਗੇ ਵੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਸੰਯੁਕਤ ਕਿਸਾਨ ਮੋਰਚੇ ਦੇ ਹਰ ਹੁਕਮ ਉੱਤੇ ਡਟ ਕੇ ਪਹਿਰਾ ਦੇਵੇਗੀ। ਸਮਾਜ ਦੇ ਦੱਬੇ ਕੁਚਲੇ ਲੋਕਾਂ ਲਈ ਧਿਰ ਬਣ ਕੇ ਖੜ੍ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਐਮਐਸਪੀ ਲਾਗੂ ਕਰਨ ਦੇ ਵਾਅਦੇ ਤੋ ਮੁੱਕਰ ਰਹੀ ਹੈ ਤੇ ਕਿਸਾਨੀ ਨੂੰ ਖਤਮ ਕਰਨ ਲਈ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਹੱਥ-ਠੋਕਾ ਬਣੀ ਹੋਈ ਹੈ। ਲਖੀਮਪੁਰ ਖੀਰੀ ਵਿੱਚ ਕਿਸਾਨ ਆਗੂਆਂ ’ਤੇ ਨਾਜਾਇਜ਼ ਤੌਰ ’ਤੇ 302 ਦੇ ਕੇਸ ਦਰਜ ਕੀਤੇ ਹੋਏ ਹਨ। ਅਜੈ ਮਿਸ਼ਰਾ ਤੇ ਹੋਰ ਮੁਲਜ਼ਮ ਖੁੱਲ੍ਹੇ ਘੁੰਮ ਰਹੇ ਹਨ। ਪੀੜਤ ਧਿਰਾਂ ਅਜੇ ਵੀ ਇਨਸਾਫ ਲਈ ਸੰਘਰਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਪਰ ਅਫ਼ਸੋਸ ਸਰਕਾਰ ਉਨ੍ਹਾਂ ਦੀ ਸਾਰ ਨਹੀਂ ਲੈਂਦੀ ਸਗੋਂ ਕਿਸਾਨੀ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ ।
ਕੁਲਵੰਤ ਸਿੰਘ ਸ਼ੇਰਗੜ੍ਹ ਨੇ ਦੱਸਿਆ 30 ਜਲ਼ਾਈ ਨੂੰ ਬਾਦਸ਼ਾਹਪੁਰ ਮੰਡੀ ਵਿਖੇ ਸ਼ਹੀਦ ਊਧਮ ਸਿੰਘ ਦੀ ਯਾਦ ਨੂੰ ਸਮਰਪਿਤ ਨਾਟਕ ਕਰਵਾਏ ਜਾ ਰਹੇ ਹਨ ਜਿਸ ਵਿੱਚ ਯੂਨੀਅਨ ਦੇ ਸੂਬਾ ਆਗੂ ਵੀ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ 31 ਜੁਲਾਈ ਨੂੰ ਪਟਿਆਲਾ ਵਿਖੇ ਰੇਲ ਆਵਾਜਾਈ ਰੋਕਕ ੇ ਆਪਣਾ ਰੋਸ ਕੇਂਦਰ ਸਰਕਾਰ ਤੱਕ ਪਹੁੰਚਾਇਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਨਰਲ ਸਕੱਤਰ ਸੁਖਦੇਵ ਸਿੰਘ ਹਰਿਆਊ, ਪ੍ਰੋਫੈਸਰ ਅਮਨਦੀਪ ਸਿੰਘ ਸੇਖੂਪੁਰ, ਸਾਹਿਬ ਸਿੰਘ ਦੁਤਾਲ , ਕੁਲਦੀਪ ਸਿੰਘ, ਜਰਨੈਲ ਸਿੰਘ ਤੇ ਲਾਭ ਸਿੰਘ ਦੁਗਾਲ ਆਦਿ ਹਾਜ਼ਰ ਸਨ।