ਸੁਭਾਸ਼ ਚੰਦਰ
ਸਮਾਣਾ, 14 ਮਾਰਚ
ਸਮਾਣਾ-ਪਟਿਆਲਾ ਸੜਕ ’ਤੇ ਪੈਂਦੇ ਪਿੰਡ ਚੋਂਹਠ ਦੇ ਬੱਸ ਅੱਡੇ ’ਤੇ ਸਰਕਾਰੀ ਬੱਸਾਂ ਨਾ ਰੋਕੇ ਜਾਣ ਦੇ ਰੋਸ ਵਜੋਂ ਨੇੜਲੇ ਪਿੰਡਾਂ ਦੇ ਸੈਂਕੜੇ ਲੋਕਾਂ ਨੇ ਸੋਮਵਾਰ ਦੁਪਹਿਰੇ ਧਰਨਾ ਲਗਾ ਕੇ ਸੜਕ ਜਾਮ ਕਰ ਦਿੱਤੀ। ਕਿਸਾਨ ਆਗੂ ਸੁਖਵਿੰਦਰ ਸਿੰਘ ਤੁਲੇਵਾਲ ਨੇ ਦੱਸਿਆ ਕਿ ਸਰਕਾਰੀ ਬੱਸਾਂ ਦੇ ਡਰਾਈਵਰ ਤੇ ਕੰਡਕਟਰ ਪਿੰਡ ਦੇ ਬੱਸ ਅੱਡੇ ’ਤੇ ਬੱਸਾਂ ਨਹੀਂ ਰੋਕਦੇ। ਇੰਨਾ ਹੀ ਨਹੀਂ, ਪਿੰਡਾਂ ’ਚ ਜਾਣ ਵਾਲੀਆਂ ਸਵਾਰੀਆਂ ਨਾਲ ਦੁਰਵਿਹਾਰ ਕਰਕੇ ਉਨ੍ਹਾਂ ਨੂੰ ਅੱਡੇ ਤੋਂ ਅੱਗੇ-ਪਿੱਛੇ ਉਤਾਰ ਦਿੰਦੇ ਹਨ। 15 ਦਿਨ ਪਹਿਲਾਂ ਵੀ ਟਰਾਂਸਪੋਰਟ ਦੇ ਜ਼ਿਲ੍ਹਾ ਜਨਰਲ ਮੈਨੇਜਰ ਨੂੰ ਮਿਲ ਕੇ ਇਸ ਮੰਗ ਸੰਬਧੀ ਪੱਤਰ ਦਿੱਤਾ ਗਿਆ ਸੀ। ਇਸ ’ਤੇ ਕੋਈ ਕਾਰਵਾਈ ਨਾ ਹੋਣ ਕਾਰਨ ਉਨ੍ਹਾਂ ਨੂੰ ਮਜਬੂਰਨ ਧਰਨਾ ਲਗਾਉਣਾ ਪਿਆ। ਘੰਟਿਆਂਬੱਧੀ ਲੱਗੇ ਇਸ ਜਾਮ ਕਾਰਨ ਆਵਾਜਾਈ ਪ੍ਰਭਾਵਿਤ ਹੋ ਗਈ। ਇਸ ਰਸਤੇ ਰਾਹੀਂ ਆਉਣ-ਜਾਣ ਵਾਲੀਆਂ ਸਵਾਰੀਆਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਇਸ ਕਾਰਨ ਲੋਕਾਂ ਨੁੰ ਦੂਜੇ ਰਾਹਾਂ ਤੋਂ ਜਾਣ ਪਿਆ। ਸਦਰ ਥਾਣਾ ਮੁਖੀ ਅਮਨਦੀਪ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਬੱਸ ਅੱਡਾ ਇੰਚਾਰਜ ਨੂੰ ਬੁਲਾ ਕੇ ਚੋਂਹਠ ਦੇ ਬੱਸ ਅੱਡੇ ’ਤੇ ਬੱਸਾਂ ਰੋਕਣ ਦਾ ਭਰੋਸਾ ਦੇ ਕੇ ਜਾਮ ਨੂੰ ਖੁੱਲ੍ਹਵਾਇਆ।