ਗੁਰਨਾਮ ਸਿੰਘ ਚੌਹਾਨ
ਪਾਤੜਾਂ, 5 ਜਨਵਰੀ
ਪੰਜਾਬ ਸਰਕਾਰ ਨੇ ਚੋਣਾਂ ਦੌਰਾਨ ਸੜਕ ਸੁਧਾਰ ਦੇ ਕੀਤੇ ਵਾਅਦਿਆਂ ਤਹਿਤ ਸ਼ੁਤਰਾਣਾ ਤੋਂ ਚਿਚੜਵਾਲ (ਹਰਿਆਣਾ ਸਰਹੱਦ) ਤੱਕ ਇਕਹਿਰੀ ਸੜਕ ਦੀ ਥਾਂ 18 ਫੁੱਟੀ ਸੜਕ ਦੇ ਨਿਰਮਾਣ ਸ਼ੁਰੂ ਕੀਤਾ ਸੀ। ਧੁੰਦ ਦੇ ਦਿਨਾਂ ਵਿੱਚ ਪੱਥਰ ਪਾਉਣ ਲਈ ਪੁਟੇ ਕਿਨਾਰੇ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ। ਪਿਛਲੇ ਚਾਰ ਮਹੀਨਿਆਂ ਤੋਂ ਅਧੂਰੀ ਪਈ ਸੜਕ ’ਤੇ ਵੱਡੇ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਜਸਵਿੰਦਰ ਸਿੰਘ, ਸੰਤੋਖ ਸਿੰਘ, ਗੁਰਨਾਮ ਸਿੰਘ ਆਦਿ ਨੇ ਕਿਹਾ ਕਿ ਸ਼ੁਤਰਾਣਾ ਤੋਂ ਰਸੌਲੀ ਵਾਇਆ ਚਿਚੜਵਾਲ (ਹਰਿਆਣਾ ਸਰਹੱਦ) ਤੱਕ ਸੜਕ ਨੂੰ ਚੌੜਾ ਕਰਨ ਲਈ ਪਿਛਲੇ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਸਰਕਾਰ ਨੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਠੇਕੇਦਾਰ ਨੂੰ ਕੰਮ ਸੌਂਪਿਆ ਤਾਂ ਠੇਕੇਦਾਰ ਕੰਮ ਨੂੰ ਕੀੜੀ ਦੀ ਚਾਲ ਕਰ ਰਿਹਾ ਹੈ। ਜੇਸੀਬੀ ਨਾਲ ਸੜਕ ਦੇ ਕਿਨਾਰੇ ਪੱਥਰ ਪਾਉਣ ਲਈ ਪੁੱਟ ਦਿੱਤੇ ਜਾਣ ਉਪਰੰਤ ਕਈ ਕਈ ਦਿਨ ਤੱਕ ਪੱਥਰ ਨਹੀਂ ਪਾਇਆ ਜਾਂਦਾ, ਸਗੋਂ ਸੜਕ ਵਿਚਕਾਰ ਪੱਥਰ ਦੇ ਟਰੱਕ ਉਤਾਰ ਕੇ ਰਸਤਾ ਬੰਦ ਕਰ ਦਿੱਤਾ ਜਾਂਦਾ ਹੈ। ਇਸ ਕਾਰਨ ਸਬੰਧਤ ਪਿੰਡਾਂ ਦੇ ਲੋਕਾਂ ਨੂੰ ਲੰਘਣ ਸਮੇਂ ਭਾਰੀ ਦਿੱਕਤਾਂ ਆਉਂਦੀਆਂ ਹਨ। ਸਕੂਲਾਂ ਵਾਲੀਆਂ ਬੱਸਾਂ ਸਮੇਤ ਹੋਰ ਸਾਧਨ ਰਸਤੇ ਵਿਚ ਫਸ ਜਾਂਦੇ ਹਨ, ਜਿਸ ਕਾਰਨ ਕਦੇ ਵੀ ਖਤਰਨਾਕ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਠੇਕੇਦਾਰ ਦਾ ਠੇਕਾ ਰੱਦ ਕਰਕੇ ਕਿਸੇ ਹੋਰ ਠੇਕੇਦਾਰ ਤੋਂ ਸੜਕ ਦਾ ਨਿਰਮਾਣ ਕਰਵਾਇਆ ਜਾਵੇ।
ਤੇਜ਼ੀ ਨਾਲ ਕੀਤਾ ਜਾਵੇਗਾ ਕੰਮ: ਜੇਈ
ਪੀਡਬਲਯੂਡੀ ਦੇ ਜੇਈ ਪੁਨੀਤ ਕੁਮਾਰ ਮਿੱਤਲ ਨੇ ਦੱਸਿਆ ਹੈ ਕਿ ਸੜਕ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਹੈ ਅਤੇ 15 ਦਿਨਾਂ ਵਿੱਚ ਕਰੀਬ 70 ਟਰਾਲੇ ਰੋੜਾ ਪੈ ਚੁੱਕਿਆ ਹੈ। ਉਨ੍ਹਾਂ ਦੱਸਿਆ ਹੈ ਕਿ ਮੁਹੱਬਤ ਪੁਰੇ ਦਾ ਕਰੱਸ਼ਰ ਬੰਦ ਹੋ ਜਾਣ ਕਾਰਨ ਉਨ੍ਹਾਂ ਨੂੰ ਕੁਝ ਦਿੱਕਤਾਂ ਆਈਆਂ ਸੀ ਹੁਣ ਕੁੱਝ ਦਿਨਾਂ ਵਿੱਚ ਕਰੈਸ਼ਰ ਚੱਲ ਉੱਤੇ ਕੰਮ ਤੇਜ਼ੀ ਨਾਲ ਸ਼ੁਰੂ ਹੋ ਜਾਵੇਗਾ।