ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 23 ਜਨਵਰੀ
ਇੱਕ ਫਾਈਨਾਂਸ ਕੰਪਨੀ ਦੇ ਫੀਲਡ ਡਿਵੈਲਪਮੈਂਟ ਅਫਸਰ ਨੂੰ ਰਸਤੇ ’ਚ ਲੁੱਟਣ ਤੇ ਜ਼ਖ਼ਮੀ ਕਰ ਦਿੱਤਾ। ਪੁਲੀਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਈਕਰੋ ਫਾਈਨਾਂਸ ਲਿਮ. ਦੇ ਫੀਲਡ ਡਿਵੈਲਪਮੈਂਟ ਅਫਸਰ ਗੁਰਮੀਤ ਰਾਮ ਪੁੱਤਰ ਰਮੇਸ਼ ਰਾਮ ਵਾਸੀ ਸੇਗਾ ਪਲਾਟ ਵਾਰਡ ਨੰ. 2 ਚੀਕਾ ਜ਼ਿਲ੍ਹਾ ਕੈਥਲ ਨੇ ਥਾਣਾ ਜੁਲਕਾਂ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਮਾਈਕਰੋ ਫਾਈਨਾਂਸ ਲਿਮ. ਇਸਲਾਮਾਬਾਦ ਜ਼ਿਲ੍ਹਾ ਕੁਰੂਕਸ਼ੇਤਰ ’ਚ ਫੀਲਡ ਡਿਵੈਲਪਮੈਂਟ ਅਫਸਰ ਵਜੋਂ ਕੰਮ ਕਰਦਾ ਹੈ ਜੋ 21 ਜਨਵਰੀ ਨੂੰ 3 ਵਜੇ ਆਪਣੇ ਮੋਟਰਸਾਈਕਲ ’ਤੇ ਕਿਸ਼ਤਾਂ ਦੀ ਰਕਮ ਇਕੱਠੀ ਕਰਕੇ ਪਿੰਡ ਚਪਰਾੜ ਦੇ ਟੀ-ਪੁਆਇੰਟ ਕੋਲ ਜਾ ਰਿਹਾ ਸੀ ਕਿ ਕੁਝ ਅਣਪਛਾਤੇ ਵਿਆਕਤੀ ਮੋਟਰਸਾਈਕਲ ’ਤੇ ਆਏ ਤੇ ਉਸ ਕੋਲੋਂ ਪੈਸਿਆਂ ਵਾਲਾ ਬੈਗ ਖੋਹਣ ਲੱਗੇ ਤਾਂ ਉਸ ਨੇ ਬੈਗ ਨੂੰ ਹੱਥ ਪਾ ਲਿਆ ਪਰ ਮੁਲਜ਼ਮਾਂ ਨੇ ਮੋਟਰਸਾਈਕਲ ਨੂੰ ਧੱਕਾ ਮਾਰਿਆ ਤਾਂ ਉਸ ਦਾ ਮੋਟਰਸਾਈਕਲ ਦਰੱਖਤ ਨਾਲ ਟਕਰਾ ਕੇ ਖੇਤਾਂ ’ਚ ਜਾ ਡਿੱਗਾ। ਇਸ ਦੌਰਾਨ ਮੁਲਜ਼ਮ ਉਸ ਦਾ ਬੈਗ ਖੋਹ ਕੇ ਲੈ ਗਏ। ਜਿਸ ਵਿੱਚ 2,64,870 ਰੁਪਏ, ਸੈਮਸੰਗ ਦਾ ਟੈਬ, ਆਧਾਰ ਕਾਰਡ ਏਟੀਐਮ ਕਾਰਡ ਖੋਹ ਕੇ ਲੈ ਗਏ। ਇਸ ਦੌਰਾਨ ਉਸ ਦਾ ਚੂਲਾ ਵੀ ਟੁੱਟ ਗਿਆ। ਜੁਲਕਾਂ ਪੁਲੀਸ ਨੇ ਗੁਰਮੀਤ ਰਾਮ ਦੀ ਸ਼ਿਕਾਇਤ ’ਤੇ ਮੁਲਜ਼ਮਾਂ ਵਿਰੁੱਧ ਧਾਰਾ 325, 379-ਬੀ ਤਹਿਤ ਕੇਸ ਦਰਜ ਕਰ ਲਿਆ ਹੈ।