ਗੁਰਨਾਮ ਸਿੰਘ ਚੌਹਾਨ
ਪਾਤੜਾਂ, 22 ਅਗਸਤ
ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਦਰ ਫੁੱਟ ਦੀਆਂ ਅਫ਼ਵਾਹਾਂ ਨੂੰ ਰੱਦ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਨਿਰਮਲ ਸਿੰਘ ਹਰਿਆਊ ਨੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਦੀ ਅਗਵਾਈ ਵਿੱਚ ਇਕਜੁੱਟ ਹੋ ਕੇ ਚੱਲਣ ਦਾ ਐਲਾਨ ਮਗਰੋਂ ਵਿਰੋਧੀ ਪਾਰਟੀਆਂ ਦੀਆਂ ਅਫ਼ਵਾਹਾਂ ਨੂੰ ਬਰੇਕ ਲੱਗ ਗਈ ਹੈ। ਸ੍ਰੀ ਹਰਿਆਊ ਵੱਲੋਂ ਪਿਛਲੇ ਦਿਨੀਂ ਪਿੰਡ ਨੂਰਪੁਰਾ ਵਿਚ ਕੀਤੇ ਸ਼ਕਤੀ ਪ੍ਰਦਰਸ਼ਨ ਦੌਰਾਨ ਵਿਸ਼ੇਸ਼ ਤੌਰ ਉੱਤੇ ਪਹੁੰਚੇ ਬੀਬੀ ਲੂੰਬਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਾਰੀ ਕੀਤੇ 13 ਨੁਕਾਤੀ ਪ੍ਰੋਗਰਾਮ ਨੂੰ ਘਰ-ਘਰ ਪਹੁੰਚਾਉਣ ਅਤੇ ਵਰਕਰਾਂ ਨੂੰ ਇਕਜੁੱਟ ਹੋ ਕੇ ਚੱਲਣ ਦਾ ਸੁਨੇਹਾ ਦਿੱਤਾ। ਸ੍ਰੀ ਹਰਿਆਊ ਨੇ ਵੀ ਸਮਰਥਕਾਂ ਨੂੰ ਪਾਰਟੀ ਦੀ ਚੜ੍ਹਦੀ ਕਲਾ ਲਈ ਬੀਬੀ ਲੂੰਬਾ ਨਾਲ ਚੱਲਣ ਦੀ ਅਪੀਲ ਕੀਤੀ ਹੈ। ਨਿਰਮਲ ਸਿੰਘ ਹਰਿਆਊ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਇਕਜੁੱਟ ਹੈ ਅਤੇ ਹਲਕੇ ਅੰਦਰ ਫੁੱਟ ਦੀਆਂ ਅਫ਼ਵਾਹਾਂ ਨਿਰਆਧਾਰ ਹਨ। ਉਨ੍ਹਾਂ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਉਮੀਦਵਾਰ ਦੀ ਜਿੱਤ ਲਈ ਡਟ ਕੇ ਸਾਥ ਦਿੱਤਾ ਜਾਵੇਗਾ। ਸਾਬਕਾ ਵਿਧਾਇਕਾ ਬੀਬੀ ਲੂੰਬਾ ਨੇ ਕਿਹਾ ਹੈ ਕਿ ਅਕਾਲੀ ਦਲ ਮੁੱਢ ਕਦੀਮ ਤੋਂ ਕਿਸਾਨ, ਕਿਰਤੀ ਤੇ ਪੰਥਕ ਹਿਤੈਸ਼ੀ ਹੈ। ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਮੰਤਰੀ ਦੀ ਕੁਰਸੀ ਤਿਆਗ ਕਿਸਾਨ ਹਿਤੈਸ਼ੀ ਹੋਣ ਦਾ ਸਭ ਤੋਂ ਵੱਡਾ ਪ੍ਰਮਾਣ ਹੈ। ਇਸ ਮੌਕੇ ਸਰਕਲ ਪ੍ਰਧਾਨ ਗੁਰਦੀਪ ਸਿੰਘ ਖਾਂਗ, ਪੀਏਡੀਬੀ ਦੇ ਸਾਬਕਾ ਚੇਅਰਮੈਨ ਗੁਰਬਚਨ ਸਿੰਘ ਮੌਲਵੀਵਾਲਾ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਗੋਬਿੰਦ ਸਿੰਘ ਵਿਰਦੀ, ਸੁਰਜੀਤ ਸਿੰਘ ਸਾਬਕਾ ਸਰਪੰਚ ਸ਼ੁਤਰਾਣਾ, ਅਜੈਬ ਸਿੰਘ ਮੱਲ੍ਹੀ, ਕੌਂਸਲਰ ਬਰਜਿੰਦਰ ਸੋਨੀ ਠੇਕੇਦਾਰ, ਵਿਨੋਦ ਕੁਮਾਰ ਜਿੰਦਲ, ਯੂਥ ਅਕਾਲੀ ਆਗੂ ਬਚਿੱਤਰ ਹਰਿਆਊ, ਬਿੱਟੂ ਧਨੇਠਾ, ਅਵਤਾਰ ਬਾਦਸ਼ਾਹਪੁਰ ਅਤੇ ਕਾਰਜ ਸਿੰਘ ਬਕਰਾਹਾ ਆਦਿ ਹਲਕੇ ਦੇ ਪਿੰਡਾਂ ਵਿੱਚ ਸਰਗਰਮੀ ਨਾਲ ਵਿਚਰ ਰਹੇ ਹਨ।