ਸਰਬਜੀਤ ਸਿੰਘ ਭੰਗੂ
ਪਟਿਆਲਾ, 18 ਨਵੰਬਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਦਿਆਰਥੀ ਜਥੇਬੰਦੀ ‘ਸੈਕੂਲਰ ਯੂਥ ਫੈਡਰੇਸ਼ਨ ਆਫ ਇੰਡੀਆ’ (ਸੈਫੀ) ਦੇ ਆਗੂਆਂ ਨੇ ਯੂਨੀਵਰਸਿਟੀ ਦੀ ਡੀਨ ਅਕਾਦਮਿਕ ਨੂੰ ਮੰਗ ਪੱਤਰ ਸੌਂਪਿਆ ਹੈ। ਇਸ ਦੌਰਾਨ ਵਿਦਿਆਰਥੀਆਂ ਦੀਆਂ ਕਲਾਸਾਂ ਵਧਾਉਣ ਸਮੇਤ ਹੋਰ ਮੰਗਾਂ ਵੀ ਰੱਖੀਆਂ ਗਈਆਂ।
ਇਸ ਵਫ਼ਦ ਦੀ ਅਗਵਾਈ ਕਰਦਿਆਂ ਸੈਫੀ ਦੀ ਯੂਨੀਵਰਸਿਟੀ ਇਕਾਈ ਦੇ ਮੀਡੀਆ ਇੰਚਾਰਜ ਸੁਪਿੰਦਰ ਸਿੰਘ ਨੇ ਕਿਹਾ ਕਿ ਸਮੈਸਟਰ ਦੀਆਂ ਕਲਾਸਾਂ ਸਮਾਪਤ ਵੀ ਕਰ ਦਿੱਤੀਆਂ ਗਈਆਂ ਹਨ, ਪਰ ਇਸ ਸਮੈਸਟਰ ’ਚ ਵਿਦਿਆਰਥੀਆਂ ਦੀਆਂ ਬਹੁਤ ਘੱਟ ਕਲਾਸਾਂ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਇਕ ਸਮੈਸਟਰ ਵਿੱਚ 45 ਤੋ ਵਧੇਰੇ ਲੈਕਚਰ ਲੱਗਦੇ ਹਨ ਪਰ ਐਤਕੀਂ ਕਰੀਬ 30 ਲੈਕਚਰ ਹੀ ਲੱਗੇ ਹਨ।
ਇਸ ਕਰਕੇ ਵਿਦਿਆਰਥੀਆਂ ਦੇ ਸਿਲੇਬਸ ਵੀ ਪੂਰੇ ਨਹੀ ਹੋਏ ਜਾਂ ਫੇਰ ਸਿਲੇਬਸ ਜਲਦੀ ਮੁਕੰਮਲ ਕਰਵਾਉਣ ਕਰਕੇ ਉਨ੍ਹਾਂ ਦੇ ਪੱਲੇ ਨਹੀਂ ਪਏ। ਸੈਫੀ ਦੇ ਲੀਗਲ ਸੈੱਲ ਦੇ ਇੰਚਾਰਜ ਸਰਤਾਜਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਡੀਨ ਅਕਾਦਮਿਕ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਲੈਕਚਰ/ਕਲਾਸਾਂ ਘੱਟ ਲੱਗੇ/ਲੱਗੀਆਂ ਹਨ, ਨੂੰ ਕਲਾਸਾਂ ਲਗਾਉਣ ਲਈ ਘੱਟੋ ਘੱਟ ਦੋ ਹਫ਼ਤੇ ਦਾ ਹੋਰ ਸਮਾਂ ਦਿਤਾ ਜਾਵੇ ਤਾਂ ਜੋ ਉਹ ਸਹੀ ਤਰੀਕੇ ਨਾਲ ਆਪਣਾ ਸਿਲੇਬਸ ਪੂਰਾ ਕਰ ਸਕਣ।
ਜਥੇਬੰਦੀ ਦੇ ਆਗੂਆਂ ਦਾ ਕਹਿਣਾ ਸੀ ਕਿ ਜਲਦੀ ਕਲਾਸਾਂ ਖਤਮ ਹੋਣ ਨਾਲ ਕੁਝ ਵਿਦਿਆਰਥੀਆ ਦੀਆਂ ਲੋੜੀਦੀਆਂ ਹਾਜ਼ਰੀਆਂ ਵਿੱਚ ਵੀ ਦਿੱਕਤ ਆ ਰਹੀ ਹੈ ਜਿਸ ਕਰਕੇ ਕਲਾਸਾਂ ਲਾਉਣ ਲਈ ਸਮਾਂ ਦੇਣਾ ਜ਼ਰੂਰੀ ਪਹਿਲੂ ਬਣ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸਮੂਹ ਵਿਭਾਗਾਂ ਨੂੰ ਪੱਤਰ ਜਾਰੀ ਕਰਕੇ ਵਿਦਿਆਰਥੀਆ ਦੀਆਂ ਕਲਾਸਾਂ ਲਗਾਉਣ ਲਈ ਆਖਿਆ ਜਾਵੇ। ਇਸ ਮੌਕੇ ਲਵਪ੍ਰੀਤ ਸਿੰਘ, ਅਮਰਜੀਤ ਸਿੰਘ, ਕੁਲਦੀਪ ਸਿੰਘ, ਪ੍ਰੀਤ ਸ਼ਰਮਾ, ਲਵਪ੍ਰੀਤ ਸਿੰਘ, ਹਰਕਮਲ ਸਿੰਘ, ਅਮਰਜੀਤ ਸਿੰਘ, ਸੁਖਜੋਤ ਸਿੰਘ ਤੇ ਸ਼ੁਭਰੀਤ ਸਿੰਘ ਆਦਿ ਵੀ ਮੌਜੂਦ ਸਨ।