ਸੁਭਾਸ਼ ਚੰਦਰ
ਸਮਾਣਾ, 24 ਅਪਰੈਲ
ਸਰੈਂਪਤੀ ਮੁਹੱਲੇ ’ਚ 12 ਲੱਖ ਰੁਪਏ ਦੀ ਲਾਗਤ ਨਾਲ ਲਾਏ ਗਏ ਨਵੇਂ ਟਿਊਬਵੈੱਲ ਤੋਂ ਕਈ ਮੁਹੱਲਿਆਂ ਵਿੱਚ ਗੰਦੇ ਪਾਣੀ ਦੀ ਸਪਲਾਈ ਹੋ ਰਹੀ ਹੈ, ਇਸ ਕਰਕੇ ਉੱਥੋਂ ਦੇ ਲੋਕਾਂ ਵਿੱਚ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਸ਼ਿਕਾਇਤ ਕਰਨ ਦੇ ਬਾਵਜੂਦ ਪ੍ਰਸ਼ਾਸਨ ਨੇ ਉਨ੍ਹਾਂ ਦੀ ਦਿੱਕਤ ਦੂਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਪਿਛਲੇ ਇਕ ਮਹੀਨੇ ਤੋਂ ਗੰਦਾ ਪਾਣੀ ਸਪਲਾਈ ਹੋ ਰਿਹਾ ਹੈ।
ਟੈਲੀਫੋਨ ਕਲੋਨੀ, ਘੁਮਿਆਰਾ ਮੁਹੱਲਾ, ਨਵੀਂ ਸਰੈਂਪਤੀ ਅਤੇ ਬੌਬੀ ਕਲੋਨੀ ਦੇ ਸਾਬਕਾ ਕੌਂਸਲਰ ਸੇਵਾ ਸਿੰਘ, ਮਹਿੰਦਰ ਕੌਰ, ਵਿੱਕੀ ਆਦਿ ਨੇ ਦੱਸਿਆ ਕਿ ਜਦੋਂ ਤੋਂ ਨਵੇਂ ਟਿਊਬਵੈੱਲਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ, ਉਸ ਸਮੇਂ ਤੋਂ ਹੀ ਹਲਕਾ ਪੀਲੇ ਰੰਗ ਦਾ ਬਦਬੂਦਾਰ ਤੇ ਚਿਕਣਾ ਪਾਣੀ ਟੂਟੀਆਂ ਰਾਹੀਂ ਸਪਲਾਈ ਹੋ ਰਿਹਾ ਹੈ। ਬਦਬੂ ਕਰਕੇ ਪਾਣੀ ਪੀਣ ਦੇ ਕੰਮ ਨਹੀਂ ਆ ਰਿਹਾ। ਨਹਾਉਂਦੇ ਸਮੇਂ ਸਾਰਾ ਸਰੀਰ ਚਿਪਚਿਪਾ ਹੋ ਜਾਂਦਾ ਹੈ। ਉਨ੍ਹਾਂ ਸ਼ੰਕਾ ਜ਼ਾਹਿਰ ਕੀਤੀ ਕਿ ਪਾਣੀ ਵਿੱਚ ਸੀਵਰੇਜ ਦਾ ਪਾਣੀ ਰਲਣ ਜਾਂ ਨਵੇਂ ਟਿਊਬਵੈੱਲ ਦੇ ਪਾਣੀ ਦਾ ਟੈਸਟ ਸਹੀ ਨਾ ਹੋਣ ਕਰਕੇ ਪਾਣੀ ਪੀਣਯੋਗ ਨਹੀਂ ਆ ਰਿਹਾ।
ਇਸ ਸਬੰਧੀ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਨੋਡਲ ਅਫਸਰ ਅਰਵਿੰਦਰ ਖੁਰਾਣਾ ਨੇ ਨਵੇਂ ਟਿਊਬਵੈੱਲ ਦਾ ਪਾਣੀ ਟੈਸਟ ਕਰਾਏ ਜਾਣ ਅਤੇ ਠੀਕ ਹੋਣ ਦੀ ਪੁਸ਼ਟੀ ਕਰਦਿਆਂ ਪਾਈਪ ਲਾਈਨ ’ਚ ਲੀਕੇਜ ਦੀ ਸ਼ੰਕਾ ਜ਼ਾਹਰ ਕੀਤੀ ਤੇ ਕਿਹਾ ਕਿ ਜੇ ਪਾਣੀ ਖ਼ਰਾਬ ਹੋਇਆ ਤਾਂ ਦੁਬਾਰਾ ਜਾਂਚ ਕਰਵਾਈ ਜਾਵੇਗੀ।