ਸੁਭਾਸ਼ ਚੰਦਰ
ਸਮਾਣਾ, 28 ਅਗਸਤ
ਗਾਜੇਵਾਸ ਪੁਲੀਸ ਨੇ ਨਾਕਾਬੰਦੀ ਦੌਰਾਨ ਏਜੰਸੀ ਦੇ ਗੁਦਾਮ ’ਚ ਕੰਮ ਕਰਦੇ ਦੋ ਮੋਟਰਸਾਈਕਲ ਸਵਾਰਾਂ ਤੋਂ ਗੁਦਾਮ ਵਿੱਚੋਂ ਚੋਰੀ ਕੀਤੀ ਕਣਕ ਸਣੇ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਕੇ ਉਨ੍ਹਾਂ ਖਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦੋਂਕਿ ਸਬੰਧਤ ਮਹਿਕਮਾ ਇਸ ਚੋਰੀ ਤੋਂ ਆਪਣੇ-ਆਪ ਨੂੰ ਅਣਜਾਣ ਦੱਸ ਰਿਹਾ ਹੈ। ਇਸ ਮਾਮਲੇ ਸਬੰਧੀ ਸਦਰ ਪੁਲੀਸ ਮੁਖੀ ਮਹਿਮਾ ਸਿੰਘ ਨੇ ਦੱਸਿਆ ਕਿ ਗਾਜੇਵਾਸ ਪੁਲੀਸ ਦੇ ਏਐੱਸਆਈ ਗੁਰਦੇਵ ਸਿੰਘ ਵੱਲੋਂ ਜਦੋਂ ਪੁਲੀਸ ਪਾਰਟੀ ਸਣੇ ਬੰਮਣਾ-ਕੁਲਾਰਾ ਸੜਕ ’ਤੇ ਨਾਕਾਬੰਦੀ ਕਰ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਪਿੰਡ ਬੰਮਣਾ ਵੱਲੋਂ ਆ ਰਹੇ ਦੋ ਮੋਟਰਸਾਈਕਲ ਸਵਾਰਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ, ਜਿਸ ਦੌਰਾਨ ਦੋਵੇਂ ਮੋਟਰਸਾਈਕਲ ’ਤੇ ਰੱਖੇ ਕਣਕ ਦੇ ਥੈਲਿਆਂ ਸਬੰਧੀ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ। ਉਨ੍ਹਾਂ ਨੇ ਖ਼ੁਦ ਹੀ ਕਣਕ ਨੂੰ ਸਰਕਾਰੀ ਗੁਦਾਮ ’ਚੋਂ ਚੋਰੀ ਲਿਆਂਦੇ ਜਾਣ ਦੀ ਗੱਲ ਮੰਨੀ। ਪੁਲੀਸ ਨੇ ਉਨ੍ਹਾਂ ਨੂੰ ਸਣੇ ਕਣਕ ਕਾਬੂ ਕਰ ਕੇ ਜਦੋਂ ਪੁੱਛਗਿੱਛ ਕੀਤੀ ਤਾਂ ਉਕਤ ਨੌਜਵਾਨ ਨੇ ਦੱਸਿਆ ਕਿ ਉਹ ਪਨਗ੍ਰੇਨ ਦੇ ਇੰਦਰਪਾਲ ਗੁਦਾਮ ’ਚ ਲੇਬਰ ਦਾ ਕੰਮ ਕਰਦੇ ਹਨ ਤੇ ਸਕਿਓਰਿਟੀ ਗਾਰਡ ਨਾਲ ਮਿਲ ਕੇ 2/2 ਜਾਂ 3/3 ਥੈਲੇ ਕਣਕ ਪ੍ਰਾਈਵੇਟ ਥੈਲਿਆਂ ਵਿੱਚ ਪਲਟ ਕੇ ਚੋਰੀ ਨਾਲ ਲਿਆਉਂਦੇ ਹਨ ਤੇ ਇਕੱਠੀ ਕਰ ਕੇ ਵੇਚਦੇ ਹਨ।
ਇਸ ਦੌਰਾਨ ਪੁਲੀਸ ਨੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਪਹਿਲਾਂ ਚੋਰੀ ਕੀਤੀ ਕਣਕ ਪਿੰਡ ਆਲਮਪੁਰ ਤੋਂ ਮੁਲਜ਼ਮ ਰਾਜੂ ਅਤੇ ਸੁਖਚੈਨ ਸਿੰਘ ਦੇ ਘਰ ਤੋਂ ਸੱਤ ਕੁਇੰਟਲ ਹੋਰ ਬਰਾਮਦ ਕਰ ਕੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਅਧਿਕਾਰੀ ਅਨੁਸਾਰ ਅਦਾਲਤ ਨੇ ਮੁਲਜ਼ਮਾਂ ਨੂੰ ਪੁੱਛਗਿੱਛ ਲਈ ਦੋ ਦਿਨਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਦੌਰਾਨ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਅਫ਼ਸਰ ਜਸਪਾਲ ਕੌਰ ਨਾਲ ਗੱਲ ਕਰਨ ’ਤੇ ਇੰਸਪੈਕਟਰ ਬਲਤੇਜ ਸਿੰਘ ਨੇ ਅੱਠ ਕੁਇੰਟਲ ਕਣਕ ਚੋਰੀ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਕਣਕ ਚੋਰੀ ਦੀ ਸੂਚਨਾ ਪੁਲੀਸ ਵੱਲੋਂ ਹੀ ਮਿਲੀ ਹੈ। ਉਨ੍ਹਾਂ ਕਿਹਾ ਕਿ ਉਹ ਗੁਦਾਮ ’ਚ ਪਏ ਸਟਾਕ ’ਚੋਂ ਚੋਰੀ ਹੋਈ ਕਣਕ ਦੀ ਸਹੀ ਰਿਪੋਰਟ ਗਿਣਤੀ ਉਪਰੰਤ ਹੀ ਦੱਸਣਗੇ।