ਖੇਤਰੀ ਪ੍ਰਤੀਨਿਧ
ਪਟਿਆਲਾ, 20 ਦਸੰਬਰ
ਖੇਤੀ ਕਾਨੂੰਨਾ ਦੇ ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਸਾਲ ਭਰ ਚੱਲੇ ਧਰਨੇ ਦੌਰਾਨ ਮੋਹਰੀ ਭੂਮਿਕਾ ਨਿਭਾਓਣ ਵਾਲ਼ੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਡਾ. ਦਰਸ਼ਨਪਾਲ ਦਾ ਅੱਜ ਉਨ੍ਹਾਂ ਦੇ ਪਿੰਡ ਕੌਰਜੀਵਾਲ਼ਾ ਪਹੁੰਚਣ ‘ਤੇ ਪਿੰਡ ਸਮੇਤ ਇਲਾਕੇ ਦੇ ਲੋਕਾਂ ਨੇ ਵੀ ਭਰਵਾਂ ਸਵਾਗਤ ਕੀਤਾ। ਕਿਸੇ ਸਮੇਂ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਡਾਕਟਰ ਵਜੋਂ ਕਾਰਜਸ਼ੀਲ ਰਹੇ ਡਾ. ਦਰਸ਼ਨਪਾਲ ਕਈ ਸਾਲਾਂ ਤੋਂ ਕਿਸਾਨੀ ਹਿਤਾਂ ਲਈ ਜੂਝ ਰਹੇ ਹਨ। ਦਿੱਲੀ ਵਿਚਲੇ ਸੰਘਰਸ਼ ਦੌਰਾਨ ਤਾਂ ਉਹ ਸੰਯੁਕਤ ਕਿਸਾਨ ਮੋਰਚੇ ਦੇ ਮੁੱਖ ਬੁਲਾਰੇ ਬਣ ਕੇ ਉਭਰੇ। ਇਸੇ ਦੌਰਾਨ ਆਪਣੀ ਪਟਿਆਲਾ ਸਥਿਤ ਰਿਹਾਇਸ਼ ਤੋਂ ਇੱਕ ਖੁੱਲ੍ਹੀ ਜੀਪ ’ਚ ਪਿੰਡ ਕੌਰਜੀਵਾਲਾ ਪੁੱਜੇ ਡਾ. ਦਰਸ਼ਨਪਾਲ ਦੇ ਨਾਲ਼ ਉਨ੍ਹਾਂ ਦੀ ਧਰਮ ਪਤਨੀ ਡਾ. ਨਰਿੰਦਰ ਵੀ ਨਾਲ ਸਨ। ਦੋਵਾਂ ਜੀਆਂ ਦਾ ਦਾ ਪਿੰਡ ਦੇ ਨੌਜਵਾਨਾ, ਕਿਸਾਨਾਂ, ਮਜ਼ਦੂਰਾਂ ਅਤੇ ਮਹਿਲਾਵਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ।