ਖੇਤਰੀ ਪ੍ਰਤੀਨਿਧ
ਪਟਿਆਲਾ, 14 ਜਨਵਰੀ
ਇੱਕ ਦਿਨ ਪਹਿਲਾਂ ਹੀ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ, ਕਾਂਗਰਸ ਆਗੂ ਡਾ. ਸਤਵੰਤ ਸਿੰਘ ਮੋਹੀ 1985 ’ਚ ਪਟਿਆਲਾ ਜ਼ਿਲ੍ਹੇ ਦੇ ਰਾਖਵੇਂ ਹਲਕਾ ਸ਼ੁਤਰਾਣਾ ਤੋਂ ਅਕਾਲੀ ਦਲ ਦੇ ਵਿਧਾਇਕ ਰਹੇ ਹਨ। ਉਹ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕ ਹਨ। ਉਨ੍ਹਾਂ ਦਾ ਪੁੱਤਰ ਚੰਦਰਇਸ਼ਵਰ ਸਿੰਘ ਮੋਹੀ ਇੱਕ ਸਾਲ ਤੋਂ ‘ਐਸਸੀ ਕਮਿਸ਼ਨ ਪੰਜਾਬ’ ਦਾ ਸੂਬਾਈ ਮੈਂਬਰ ਹੈ ਜਿਸ ਦਾ ਕਾਰਜਕਾਲ ਛੇ ਸਾਲਾਂ ਦਾ ਹੈ।
ਜ਼ਿਕਰਯੋਗ ਹੈ ਕਿ ਸਤਵੰਤ ਮੋਹੀ 1979 ’ਚ ਕਾਂਗਰਸ ਦੀ ਪਟਿਆਲਾ ਦੇ ਐਮਸੀ ਵੀ ਰਹੇ ਹਨ। ਪਰ ਸਾਕਾ ਨੀਲਾ ਤਾਰਾ ਦੇ ਰੋਸ ਵਜੋਂ 1984 ’ਚ ਕੈਪਟਨ ਅਮਰਿੰਦਰ ਸਿੰਘ ਨਾਲ ਕਾਂਗਰਸ ਤੋਂ ਅਸਤੀਫ਼ਾ ਦੇਣ ਮਗਰੋਂ ਉਹ ਵੀ ਅਕਾਲੀ ਦਲ ’ਚ ਸ਼ਾਮਲ ਹੋ ਗਏ ਸਨ। 1985 ’ਚ ਅਕਾਲੀ ਉਮੀਦਵਾਰ ਵਜੋਂ ਪਟਿਆਲਾ ਜ਼ਿਲ੍ਹੇ ਦੇ ਰਾਖਵੇਂ ਹਲਕੇ ਸ਼ੁਤਰਾਣਾ ਤੋਂ ਵਿਧਾਇਕ ਬਣੇ ਤੇ 1991 ’ਚ ਸ੍ਰੀ ਮੋਹੀ ਨੇ ਅਕਾਲੀ ਉਮੀਦਵਾਰ ਵਜੋਂ ਹੀ ਫਿਲੌਰ ਤੋਂ ਲੋਕ ਸਭਾ ਦੀ ਚੋਣ ਵੀ ਲੜੀ।
1998 ’ਚ ਸ੍ਰੀ ਮੋਹੀ ਵੀ ਅਮਰਿੰਦਰ ਸਿੰਘ ਨਾਲ ਕਾਂਗਰਸ ’ਚ ਪਰਤੇ ਸਨ। ਇਸ ਦੌਰਾਨ ਉਹ 2006 ਤੋਂ 2012 ਤੱਕ ‘ਪੰਜਾਬ ਪਬਲਿਕ ਸਰਵਿਸ ਕਮਿਸ਼ਨ’ ਦੇ ਮੈਂਬਰ ਵੀ ਰਹੇ ਪਰ ਹੁਣ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ ਹਨ।