ਗੌਰਵਪਾਲ ਸੂਦ
ਭਾਦਸੋਂ, 27 ਨਵੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਪਦ ’ਤੇ ਕਰੀਬ 28 ਸਾਲਾਂ ਤੱਕ ਕਾਬਜ਼ ਰਹਿ ਕੇ ਇਤਿਹਾਸ ਰਚਣ ਵਾਲ਼ੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਅਧੀਨਗੀ ਵਾਲ਼ੇ ਹਲਕੇ ਭਾਦਸੋਂ ਨੂੰ ਅਕਾਲੀ ਲੀਡਰਸ਼ਿਪ ਨੇ ਦਰਕਿਨਾਰ ਹੀ ਕਰੀਂ ਰੱਖਿਆ ਪਰ ਐਤਕੀਂ ਡੇਢ ਦਹਾਕੇ ਮਗਰੋਂ ਹਾਕਮਾਂ ਦੀ ਇਸ ਹਲਕੇ ’ਤੇ ਸਵੱਲੀ ਨਜ਼ਰ ਪੈ ਗਈ ਹੈ। ਇਥੋਂ ਸ਼੍ਰੋਮਣੀ ਕਮੇਟੀ ਮੈਂਬਰ ਚੱਲੇ ਆ ਰਹੇ ਪਿੰਡ ਟੌਹੜਾ ਦੇ ਵਸਨੀਕ ਸਤਵਿੰਦਰ ਸਿੰਘ ਟੌਹੜਾ ਨੂੰ ਐਤਕੀਂ ਸ਼੍ਰੋਮਣੀ ਕਮੇਟੀ ਦਾ ਕਾਰਜਕਰਨੀ ਮੈਂਬਰ ਬਣਾਇਆ ਗਿਆ ਹੈ।
ਜਿਕਰਯੋਗ ਹੈ ਕਿ ਗੁਰਚਰਨ ਸਿੰਘ ਟੌਹੜਾ ਦੀ ਮੌਤ ਮਗਰੋਂ 2004 ’ਚ ਹੋਈਆਂ ਜਨਰਲ ਚੋਣਾ ਦੌਰਾਨ ਸਤਵਿੰਦਰ ਸਿੰਘ ਟੌਹੜਾ ਇਥੋਂ ਸ਼੍ਰੋਮਣੀ ਕਮੇਟੀ ਮੈਂਬਰ ਚੁਣੇ ਗਏ ਅਤੇ ਹੁਣ ਤੱਕ ਮੈਂਬਰ ਚੱਲੇ ਆ ਰਹੇ ਸਨ। ਹੁਣ ਲੰਮੇ ਸਮੇਂ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸ਼ਿਫਾਰਸ਼ ’ਤੇ ਇਥੋਂ ਦੇ ਮੈਂਬਰ ਸਤਵਿੰਦਰ ਸਿੰਘ ਟੌਹੜਾ ਨੂੰ ਕਾਰਜਕਰਨੀ ਮੈਂਬਰ ਬਣਾ ਦਿੱਤਾ ਗਿਆ ਹੈ। ਉਹ ਟੌਹੜਾ ਪਿੰਡ ਦੇ ਲਗਾਤਾਰ ਪੰਦਰਾਂ ਸਾਲ ਸਰਪੰਚ ਰਹਿਣ ਸਮੇਤ ਹੋਰ ਅਹੁਦਿਆਂ ’ਤੇ ਵੀ ਰਹੇ ਹਨ।