ਖੇਤਰੀ ਪ੍ਰਤੀਨਿਧ
ਪਟਿਆਲਾ, 17 ਅਗਸਤ
ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਇੰਜ. ਮੋਹਨ ਲਾਲ ਸੂਦ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਜ਼ਾਦੀ ਦਿਵਸ ਮੌਕੇ ਕਾਰਪੋਰੇਸ਼ਨ ਕੋਲੋਂ 31 ਮਾਰਚ 2021 ਤੱਕ ਕਰਜ਼ਾ ਲੈਣ ਵਾਲੇ ਸਮੂਹ ਕਰਜ਼ਦਾਰਾਂ ਦਾ 50 ਹਜ਼ਾਰ ਰੁਪਏ ਤੱਕ ਦਾ ਕਰਜ਼ਾ ਮੁਆਫ਼ ਕਰਨ ਦੇ ਕੀਤੇ ਐਲਾਨ ਨਾਲ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ 10,151 ਕਰਜ਼ਦਾਰਾਂ ਨੂੰ 41.48 ਕਰੋੜ ਦੀ ਰਾਹਤ ਦਿੱਤੀ ਮਿਲੇਗੀ।
ਚੇਅਰਮੈਨ ਨੇ ਦੱਸਿਆ ਕਿ 28 ਜੂਨ 2021 ਨੂੰ ਇੱਕ ਬੇਨਤੀ ਪੱਤਰ ਲਿਖ ਕੇ ਉਨ੍ਹਾਂ ਨੇ ਇਹ ਮਹੱਤਵਪੂਰਨ ਮੁੱਦਾ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦਾ ਸੀ ਕਿ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਤਰਜ਼ ’ਤੇ ਹੀ ਅਨੁਸੂਚਿਤ ਜਾਤੀ ਦੇ ਲੋਕਾਂ ਦਾ ਕਰਜ਼ਾ ਵੀ ਮੁਆਫ਼ ਕੀਤਾ ਜਾਵੇ। ਕਿਉਂਕਿ ਕਰਜ਼ਾ ਚੁੱਕ ਕੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਛੋਟੇ ਕਾਰੋਬਾਰੀ ਕਰੋਨਾ ਮਹਾਮਾਰੀ ਦੌਰਾਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਸ ’ਤੇ ਮੁੱਖ ਮੰਤਰੀ ਨੇ ਹਮਦਰਦੀ ਨਾਲ ਵਿਚਾਰ ਕਰ ਕੇ ਸਬੰਧਤ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੇ ਹੁਕਮ ਕੀਤੇ ਸਨ। ਸ੍ਰੀ ਸੂਦ ਨੇ ਇਹ ਵੀ ਦੱਸਿਆ ਕਿ ਪਹਿਲਾਂ ਵੀ ਸੂਬਾ ਸਰਕਾਰ ਨੇ ਕਾਰਪੋਰੇਸ਼ਨ ਪਾਸੋਂ 50 ਹਜ਼ਾਰ ਰੁਪਏ ਤੱਕ ਦਾ ਕਰਜ਼ਾ ਪ੍ਰਾਪਤ ਕਰਨ ਵਾਲੇ ਕਰਜ਼ਦਾਰਾਂ ਦਾ ਕਰਜ਼ਾ ਮਾਫ ਕਰ ਕੇ 14,260 ਕਰਜ਼ਾਦਾਰਾਂ ਨੂੰ 45.41 ਕਰੋੜ ਦੀ ਰਾਹਤ ਦਿੱਤੀ ਸੀ।