ਖੇਤਰੀ ਪ੍ਰਤੀਧਿਨ
ਪਟਿਆਲਾ, 27 ਫਰਵਰੀ
ਪੰਜਾਬੀ ਯੂਨੀਵਰਸਿਟੀ ਵਿੱਚ 22 ਫਰਵਰੀ ਤੋਂ ਸ਼ੁਰੂ ਹੋਇਆ ਵਿਗਿਆਨ ਹਫਤਾ ਸ਼ਾਨਦਾਰ ਤਰੀਕੇ ਨਾਲ ਚੱਲ ਰਿਹਾ ਹੈ। ‘ਵਿਗਿਆਨ ਸਰਵੱਤ ਪੂਜਯਤੇ’ ਸਿਰਲੇਖ ਅਧੀਨ ਚੱਲ ਰਹੇ ਵਿਗਿਆਨ ਹਫ਼ਤੇ ਦਾ ਪੰਜਵਾਂ ਦਿਨ ਵਿਗਿਆਨ ਅਧਾਰਿਤ ਨਾਟਕ, ਸਕਿੱਟ ਅਤੇ ਕਵਿਤਾ ਉਚਾਰਨ ਮੁਕਾਬਲਿਆਂ ਨੂੰ ਸਮਰਪਿਤ ਰਿਹਾ। ਮੇਲੇ ਦੇ ਕੋਅਰਡੀਨੇਟਰ ਡਾ. ਬਲਵਿੰਦਰ ਸਿੰਘ ਸੂਚ ਨੇ ਦੱਸਿਆ ਕਿ ਮੇਲੇ ਦਾ ਮੁੱਖ ਮਕਸਦ ਵਿਗਿਆਨ ਦੇ ਸੰਕਲਪਾਂ ਨੂੰ ਆਮ ਲੋਕਾਂ ਦੀ ਭਾਸ਼ਾ ਵਿੱਚ ਉਨ੍ਹਾਂ ਤੱਕ ਪਹੁੰਚਦੇ ਕਰ ਕੇ ਉਨ੍ਹਾਂ ਨੂੰ ਵਿਗਿਆਨ ਬਾਰੇ ਜਾਗਰੂਕ ਕਰਨਾ ਹੈ। ਪੰਜਵੇਂ ਦਿਨ ਦੇ ਭਾਸ਼ਣਾਂ ਵਿੱਚ ਸ਼ਾਮਲ ਡਾ. ਏ.ਐੱਸ. ਢੀਂਡਸਾ ਦਾ ਭਾਸ਼ਣ ਇਸੇ ਨੁਕਤੇ ’ਤੇ ਕੇਂਦਰਿਤ ਸੀ ਕਿ ਵਿਗਿਆਨ ਦੇ ਵਿਸ਼ੇ ਵਿੱਚ ਨਾਟਕ ਲੇਖਣੀ ਰਾਹੀਂ ਕਿਸ ਤਰ੍ਹਾਂ ਪ੍ਰਭਾਵਸ਼ਾਲੀ ਤਰੀਕੇ ਨਾਲ ਆਪਣੀ ਗੱਲ ਰੱਖੀ ਜਾ ਸਕਦੀ ਹੈ। ਕੋਆਰਡੀਨੇਟਰ ਡਾ. ਬਲਵਿੰਦਰ ਸਿੰਘ ਸੂਚ ਨੇ ਦੱਸਿਆ ਕਿ ਅੱਜ ਨਾਟਕ ਤੇ ਸਕਿੱਟ ਮੁਕਾਲਿਆਂ ਵਿੱਚ 15 ਟੀਮਾਂ ਨੇ ਭਾਗ ਲਿਆ ਤੇ ਕਵਿਤਾ ਉਚਾਰਨ ਮੁਕਾਬਲੇ ’ਚ ਲਗਭਗ 50 ਵਿਦਿਆਰਥੀਆਂ ਨੇ ਭਾਗ ਲਿਆ। ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾ. ਰਮਨ ਮੈਣੀ ਤੇ ਕੌਮਾਂਤਰੀ ਵਿਦਿਆਰਥੀ ਮਾਮਲਿਆਂ ਸਬੰਧੀ ਡਾਇਰੈਕਟੋਰੇਟ ਦੇ ਡੀਨ ਪ੍ਰੋ. ਰਣਜੀਤ ਕੌਰ ਨੇ ਨੂੰ ਸਰਟੀਫੀਕੇਟ ਵੰਡੇ।