ਖੇਤਰੀ ਪ੍ਰਤੀਨਿਧ
ਪਟਿਆਲਾ, 11 ਅਕਤੂਬਰ
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਲੈਫ. ਕਰਨਲ ਐੱਮ. ਐੱਸ. ਰੰਧਾਵਾ ਨੇ ਦੱਸਿਆ ਕਿ ਵਿਭਾਗ ਦੇ ਪ੍ਰੀ-ਰਿਕਰੂਟਮੈਂਟ ਸੈਂਟਰ ਵਿਖੇ ਫ਼ੌਜ ਅਤੇ ਨੀਮ ਫ਼ੌਜੀ ਬਲਾਂ ਵਿਚ ਭਰਤੀ ਹੋਣ ਲਈ ਕੇਵਲ ਪੰਜਾਬ ਦੇ ਨੌਜਵਾਨਾਂ ਲਈ ਪ੍ਰੀ-ਰਿਕਰੂਟਮੈਂਟ ਟ੍ਰੇਨਿੰਗ ਕੋਰਸ 17 ਅਕਤੂਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫ਼ੌਜ ਵਿੱਚ ਸਿਪਾਹੀ ਦੀ ਭਰਤੀ ਲਈ ਉਮੀਦਵਾਰ ਦੀ ਉਮਰ ਸਾਢੇ 17 ਤੋਂ 21 ਸਾਲ, ਕੱਦ 170 ਸੈਂਟੀਮੀਟਰ, ਛਾਤੀ 77 ਤੋਂ 82 ਸੈਂਟੀਮੀਟਰ ਅਤੇ ਵਜ਼ਨ 50 ਕਿੱਲੋ ਜ਼ਰੂਰੀ ਹੈ। ਉਮੀਦਵਾਰ ਦਸਵੀਂ ਵਿੱਚੋਂ 45 ਫ਼ੀਸਦੀ ਅਤੇ ਹਰੇਕ ਵਿਸ਼ੇ ਵਿੱਚ 33 ਫ਼ੀਸਦੀ ਨੰਬਰਾਂ ਨਾਲ ਪਾਸ ਹੋਇਆ ਹੋਵੇ।