ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 10 ਅਗਸਤ
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਘਰ ਘਰ ਰੁਜ਼ਗਾਰ’ ਤਹਿਤ ਸਥਾਨਕ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਯੋਗ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ, ਇਸੇ ਲੜੀ ਤਹਿਤ ਬਿਊਰੋ ਵੱਲੋਂ ਆਈਟੀਆਈ ਲੜਕੇ ਨਾਭਾ ਰੋਡ ਵਿਚ ਲਾਏ ਪਲੇਸਮੈਂਟ ਕੈਂਪ ’ਚ ਹੈਵਲ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਨੁਮਾਇੰਦਿਆਂ ਵੱਲੋਂ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ ਅਤੇ 103 ਉਮੀਦਵਾਰਾਂ ਦੀ ਮੌਕੇ ’ਤੇ ਹੀ ਨੌਕਰੀ ਲਈ ਚੋਣ ਕੀਤੀ ਗਈ।
ਸੀਈਓ ਜ਼ਿਲ੍ਹਾ ਰੁਜ਼ਗਾਰ ਬਿਊਰੋ ਡਾ. ਪ੍ਰੀਤੀ ਯਾਦਵ ਨੇ ਨੌਕਰੀ ਲਈ ਚੁਣੇ ਉਮੀਦਵਾਰਾਂ ਨੂੰ ਵਧਾਈ ਦਿੰਦਿਆ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਬਿਊਰੋ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਲਈ ਯਤਨਸ਼ੀਲ ਹੈ। ਇਸ ਮੌਕੇ ਡਾ. ਪ੍ਰੀਤੀ ਨੇ ਨੌਕਰੀ ਲਈ ਚੁਣੇ ਗਏ ਨੌਜਵਾਨਾਂ ਨੂੰ ਕੰਪਨੀ ਦੇ ਨੁਮਾਇੰਦਿਆਂ ਨਾਲ ਬੱਸ ਰਾਹੀਂ ਨੌਕਰੀ ਲਈ ਰਵਾਨਾ ਕੀਤਾ। ਜ਼ਿਲ੍ਹਾ ਰੁਜ਼ਗਾਰ ਉਤਪਤੀ ਤੇ ਟਰੇਨਿੰਗ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਵੀ ਬਿਊਰੋ ਵੱਲੋਂ ਚੰਗੀਆਂ ਕੰਪਨੀਆਂ/ਬੈਂਕ/ਅਦਾਰੇ ਬੁਲਾ ਕੇ ਪਲੇਸਮੈਂਟ ਕੈਂਪ ਲਗਾਏ ਜਾਣਗੇ।