ਅਸ਼ਵਨੀ ਗਰਗ
ਸਮਾਣਾ, 15 ਸਤੰਬਰ
ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ 7ਵੇਂ ਸੂਬਾ ਪੱਧਰੀ ਦੂਸਰੇ ਮੈਗਾ ਰੁਜ਼ਗਾਰ ਮੇਲੇ ਤਹਿਤ ਸਮਾਣਾ ਦੇ ਪਬਲਿਕ ਕਾਲਜ ਵਿੱਚ ਤੀਜਾ ਰੁਜ਼ਗਾਰ ਮੇਲਾ ਲਗਾਇਆ ਗਿਆ। ਇਸ ਮੌਕੇ ਸਥਾਨਕ 2 ਦਰਜਨ ਦੇ ਕਰੀਬ ਕੰਪਨੀਆਂ ਨੇ 1172 ਨੌਜਵਾਨਾਂ ਵਿੱਚੋਂ 753 ਦੀ ਚੋਣ ਕੀਤੀ। ਚੁਣੇ ਨੌਜਵਾਨਾਂ ਨੂੰ ਸਰਟੀਫਿਕੇਟ ਹਲਕਾ ਸਮਾਣਾ ਦੇ ਵਿਧਾਇਕ ਰਾਜਿੰਦਰ ਸਿੰਘ ਨੇ ਸੌਂਪੇ। ਇਸ ਮੌਕੇ ਉਨ੍ਹਾਂ ਕਿਹਾ ਕਿ ਸਮਾਣਾ ਵਿੱਚ ਪਹਿਲਾਂ ਲੱਗ ਚੁੱਕੇ 2 ਰੁਜ਼ਗਾਰ ਮੇਲਿਆਂ ’ਚ 550 ਦੇ ਕਰੀਬ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੈ। ਇਸ ਮੌਕੇ ਉਨ੍ਹਾ ਨਾਲ ਨਗਰ ਕੌਂਸਲ ਸਮਾਣਾ ਦੇ ਪ੍ਰਧਾਨ ਅਸ਼ਵਨੀ ਗੁਪਤਾ, ਐੱਸਡੀਐੱਮ ਸਵਾਤੀ ਟਿਵਾਣਾ, ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਅਫ਼ਸਰ ਸਿੰਪੀ ਸਿੰਗਲਾ, ਪਬਲਿਕ ਕਾਲਜ ਸਮਾਣਾ ਦੇ ਪ੍ਰਿੰਸੀਪਲ ਜਤਿੰਦਰ ਦੇਵ, ਤਹਿਸੀਲਦਾਰ ਗੁਰਲੀਨ ਕੌਰ, ਸੀਡੀਪੀਓ ਉਰਵਸ਼ੀ ਸਮੇਤ ਵੱਡੀ ਗਿਣਤੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ, ਵਿਦਿਆਰਥੀ ਤੇ ਰੁਜ਼ਗਾਰ ਦੇ ਚਾਹਵਾਨ ਮੌਜੂਦ ਸਨ।