ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 18 ਨਵੰਬਰ
ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਵ ਭਰ ਵਿਚ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਵਿਚ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਵੀ ਬਹੁਤ ਸਾਰੇ ਪ੍ਰੋਗਰਾਮ ਉਲੀਕੇ ਗਏ ਹਨ। ਇਨ੍ਹਾਂ ਪ੍ਰੋਗਰਾਮਾਂ ਦੀ ਨਿਰੰਤਰਤਾ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗੁਰਮਤਿ ਸੰਗੀਤ ਵਿਭਾਗ ਵੱਲੋਂ ‘ਰਾਗ ਜੈਜਾਵੰਤੀ : ਗੁਰੂ ਤੇਗ ਬਹਾਦਰ ਬਾਣੀ ਸੰਦਰਭ’ ਵਿਸ਼ੇ ਉੱਪਰ ਅੰਤਰਰਾਸ਼ਟਰੀ ਵੈਬਿਨਾਰ ਕਰਵਾਇਆ ਗਿਆ ਜਿਸ ਵਿਚ ਕੈਨੇਡਾ, ਯੂਰਪ, ਯੂਐੱਸਏ, ਯੂਏਈ ਅਤੇ ਭਾਰਤ ਤੋਂ ਸਰੋਤੇ ਅਤੇ ਵਿਦਵਾਨ ਜੁੜੇ। ਵੈਬਿਨਾਰ ਦੇ ਆਰੰਭ ਵਿਚ ਭਾਈ ਉਂਕਾਰ ਸਿੰਘ ਫਤਹਿਗੜ੍ਹ ਸਾਹਿਬ ਵਾਲਿਆਂ ਨੇ ਰਾਗ ਜੈਜਾਵੰਤੀ ਵਿਚ ਸ਼ਬਦ ਕੀਰਤਨ ਕੀਤਾ। ਇਸ ਉਪਰੰਤ ਡਾ. ਅਸਪ੍ਰੀਤ ਕੌਰ ਵੱਲੋਂ ਗੁਰੂ ਤੇਗ ਬਹਾਦਰ ਬਾਣੀ ਸੰਦਰਭ ਵਿਸ਼ੇ ’ਤੇ ਵਿਖਿਆਨ ਕੀਤਾ ਗਿਆ। ਸਮਾਗਮ ਦੇ ਮੁੱਖ ਵਕਤਾ ਦੇ ਤੌਰ ਤੇ ਡਾ. ਹਰਵਿੰਦਰ ਸਿੰਘ, ਚੰਡੀਗੜ੍ਹ ਵੱਲੋਂ ਰਾਗ ਜੈਜਾਵੰਤੀ ਦੇ ਹਿੰਦੋਸਤਾਨੀ ਅਤੇ ਗੁਰਮਤਿ ਸੰਗੀਤ ਉੱਪਰ ਪ੍ਰਭਾਵ ਬਾਰੇ ਵਿਚਾਰ ਪ੍ਰਗਟਾਏ ਗਏ। ਡੀਨ ਫੈਕਲਟੀ ਆਫ ਆਰਟਸ ਐਂਡ ਕਲਚਰ ਡਾ. ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਗੁਰਮਤਿ ਸੰਗੀਤ ਵਿਭਾਗ ਵੱਲੋਂ ਇਹ ਅੱਠਵਾਂ ਵੈਬਿਨਾਰ ਕਰਵਾਇਆ ਜਾ ਰਿਹਾ ਹੈ। ਡਾ. ਦਲਜੀਤ ਸਿੰਘ, ਮੁਖੀ ਗੁਰੂ ਤੇਗ ਬਹਾਦਰ ਚੇਅਰ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵਿਚ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਨਾਲ ਸਬੰਧਤ ਸਭ ਤੋਂ ਵੱਧ ਪ੍ਰੋਗਰਾਮ ਗੁਰਮਤਿ ਸੰਗੀਤ ਵਿਭਾਗ ਵੱਲੋਂ ਉਲੀਕੇ ਅਤੇ ਕੀਤੇ ਗਏ ਹਨ ਜਿਸ ਦਾ ਸਿਹਰਾ ਇਸ ਵਿਭਾਗ ਦੇ ਇੰਚਾਰਜ ਡਾ. ਕੰਵਲਜੀਤ ਸਿੰਘ ਨੂੰ ਜਾਂਦਾ ਹੈ। ਗੁਰਮਤਿ ਸੰਗੀਤ ਕਾਲਜ ਦੀ ਪ੍ਰਿੰਸੀਪਲ ਡਾ. ਜਸਬੀਰ ਕੌਰ ਨੇ ਦੱਸਿਆ ਕਿ ਇਹ ਵੈਬਿਨਾਰ ਗੁਰਮਤਿ ਸੰਗੀਤ ਅਤੇ ਹਿੰਦੋਸਤਾਨੀ ਸੰਗੀਤ ਦੋਹਾਂ ਪੱਧਤੀਆਂ ਦੇ ਆਪਸੀ ਸੁਮੇਲ ਵਿਚ ਸਹਾਈ ਸਿੱਧ ਹੋਵੇਗਾ। ਡਾ. ਕੰਵਲਜੀਤ ਸਿੰਘ ਨੇ ਦੱਸਿਆ ਕਿ 24 ਨਵੰਬਰ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰਮਤਿ ਸੰਗੀਤ ਵਿਚ ਪਾਏ ਗਏ ਪ੍ਰਭਾਵ ਬਾਰੇ ਵਿਸ਼ੇਸ਼ ਚਰਚਾ ਕੀਤੀ ਜਾਵੇਗੀ।