ਖੇਤਰੀ ਪ੍ਰਤੀਨਿਧ
ਪਟਿਆਲਾ, 4 ਅਪਰੈਲ
ਪੰਜਾਬ ਸਟੂਡੈਂਟਸ ਯੂਨੀਅਨ ਨੇ ਮਾਰਚ ਮਹੀਨੇ ਦੇ ਸ਼ਹੀਦਾਂ ਨੂੰ ਸਮਰਪਿਤ ਪਟਿਆਲਾ ਜ਼ਿਲ੍ਹੇ ਦੀਆਂ ਵੱਖ-ਵੱੱਖ ਵਿੱਦਿਅਕ ਸੰਸਥਾਵਾਂ ਵਿੱਚ ਸੈਮੀਨਾਰ ਅਤੇ ਨਾਟਕ ਕਰਵਾਏ। ਇਸ ਦੌਰਾਨ ਸ਼ਹੀਦਾਂ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਨੌਜਵਾਨ ਵਰਗ ਨੂੰ ਸ਼ਹੀਦਾਂ ਦੇ ਪਾਏ ਪੂਰਨਿਆਂ ’ਤੇ ਚੱਲਣ ਲਈ ਪ੍ਰੇਰਿਆ। ਨੌਜਵਾਨ ਵਰਗ ਨੂੰ ਦਰਪੇਸ਼ ਸਮੱਸਿਆਵਾਂ ਵੀ ਉਭਾਰੀਆਂ ਗਈਆਂ। ਮਹਿੰਦਰਾ ਕਲਾਜ ਪਟਿਆਲਾ ਸਮੇਤ ਕਿਰਤੀ ਕਾਲਜ ਨਿਆਲ, ਰਿਪੁਦਮਨ ਕਾਲਜ ਨਾਭਾ ਅਤੇ ਪਬਲਿਕ ਕਾਲਜ ਸਮਾਣਾ ਆਦਿ ਸੰਸਥਾਵਾਂ ਵਿੱਚ ਕੀਤੇ ਗਏ ਇਨ੍ਹਾਂ ਸੈਮੀਨਾਰਾਂ ਸਮੇਤ ਨਾਟਕ ਵੀ ਖੇਡੇ ਗਏ। ਮੁੱਖ ਬੁਲਾਰੇ ਦੇ ਤੌਰ ‘ਤੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਭੀਮ ਇੰਦਰ ਸਿੰਘ ਨੇ ਵੱਖ ਵੱਖ ਸੈਮੀਨਾਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਸ਼ਹੀਦ ਭਗਤ ਸਿੰਘ ਸਮੇਤ ਮਾਰਚ ਦੇ ਸ਼ਹੀਦਾਂ ਦੇ ਜੀਵਨ ’ਤੇ ਵਿਸਥਾਰ ’ਚ ਚਰਚਾ ਕੀਤੀ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਨਰਲ ਸਕੱਤਰ ਅਮਨਦੀਪ ਸਿੰਘ, ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਤੇ ਜ਼ਿਲ੍ਹਾ ਸਕੱਤਰ ਖੁਸ਼ਵਿੰਦਰ ਰਵੀ ਨੇ ਵੀ ਸ਼ਿਰਕਤ ਕੀਤੀ । ਬੁਲਾਰਿਆਂ ਨੇ ਵੀ ਸ਼ਹੀਦ ਭਗਤ ਸਿੰਘ , ਰਾਜਗੁਰੂ ਤੇ ਸੁਖਦੇਵ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਅੱਗੇ ਤੋਰਨ ਦੀ ਲੋੜ ’ਤੇ ਜ਼ੋਰ ਦਿੱਤਾ।