ਸਰਬਜੀਤ ਸਿੰਘ ਭੰਗੂ
ਪਟਿਆਲਾ, 5 ਅਗਸਤ
ਪੰਜਾਬ ਵਿੱਚ ਪੰਚਾਇਤ ਵਿਭਾਗ ਅਧੀਨ ਸੂਬੇ ਦੀਆਂ 1186 ਪੇਂਡੂ ਡਿਸਪੈਂਸਰੀਆਂ ਵਿੱਚ ਕੰਮ ਕਰਦੇ ਫਾਰਮਾਸਿਸਟ ਪਿਛਲੇ ਡੇਢ ਮਹੀਨੇ ਤੋਂ ਹੜਤਾਲ ’ਤੇ ਹੋਣ ਕਰ ਕੇ ਸੂਬੇ ਦੀਆਂ ਬਹੁਤੀਆਂ ਪੇਂਡੂ ਡਿਸਪੈਂਸਰੀਆਂ ਦਾ ਕੰਮਕਾਰ ਠੱਪ ਹੋਇਆ ਪਿਆ ਹੈ। ਇਨ੍ਹਾਂ ਡਿਸਪੈਂਸਰੀਆਂ ਵਿੱਚ ਕੰਮ ਕਰਦੇ 750 ਰੂਰਲ ਮੈਡੀਕਲ ਅਫ਼ਸਰ ਮਾਰਚ ਤੋਂ ਸਿਹਤ ਵਿਭਾਗ ਦੇ ਅਧੀਨ ਕੋਵਿਡ ਕੇਅਰ ਸੈਂਟਰਾਂ ਵਿੱਚ ਡਿਊਟੀਆਂ ਦੇ ਰਹੇ ਹਨ। ਦੂਜਾ ਇਨ੍ਹਾਂ ਪੇਂਡੂ ਡਿਸਪੈਂਸਰੀਆਂ ਦੇ ਵਿੱਚ ਕੰਮ ਕਰ ਰਹੇ ਫਾਰਮਾਸਿਸਟ ਜੋ ਪਹਿਲਾਂ ਤੋਂ ਹੀ ਕੋਵਿਡ ਕੇਅਰ ਸੈਂਟਰਾਂ ਵਿੱਚ ਡਿਊਟੀਆਂ ਕਰ ਰਹੇ ਹਨ, ਹੁਣ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਡੇਢ ਮਹੀਨੇ ਤੋਂ ਹੜਤਾਲ ’ਤੇ ਹਨ। ਉਨ੍ਹਾਂ ਵੱਲੋਂ ਰੋਜ਼ਾਨਾ ਪੰਜਾਬ ਭਰ ’ਚ ਧਰਨਾ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪਟਿਆਲਾ ਵਿੱਚ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਮਰਿੰਦਰ ਸਿੰਘ ਸੌਜਾ ਦੀ ਅਗਵਾਈ ਹੇਠਾਂ ਜਾਰੀ ਧਰਨੇ ਨੂੰ ਸੰਬੋਧਨ ਕਰਦਿਆਂ, ਸੂਬਾਈ ਬੁਲਾਰੇ ਸਵਰਤ ਸ਼ਰਮਾ ਨੇ ਕਿਹਾ ਕਿ ਪੇਂਡੂ ਡਿਸਪੈਂਸਰੀਆਂ ਦਾ ਵੀ ਚਾਰ ਮਹੀਨੇ ਤੋਂ ਲੌਕਡਾਊਨ ਹੋਇਆ ਪਿਆ ਹੈ। ਇਸ ਕਾਰਨ ਲੋਕ ਮੁਸ਼ਕਲਾਂ ਨਾਲ਼ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਡਿਸਪੈਂਸਰੀਆਂ ਵਿੱਚ ਸਿਰਫ਼ ਉਹ ਲੋਕ ਹੀ ਪਹੁੰਚ ਕਰਦੇ ਹਨ, ਜੋ ਪ੍ਰਾਈਵੇਟ ਡਾਕਟਰਾਂ ਤੋਂ ਦਵਾਈ ਲੈਣ ਤੋਂ ਅਸਮਰੱਥ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਟਿਆਲਾ ਦੇ ਪਿੰਡ ਬਰਸਟ ਦੀ ਆਬਾਦੀ 6 ਹਜ਼ਾਰ ਹੈ ਤੇ ਪਿੰਡ ਵਿੱਚ ਸਿਹਤ ਸਹੂਲਤਾਂ ਲਈ ਇੱਕ ਡਿਸਪੈਂਸਰੀ ਹੈ, ਜੋ ਚਾਰ ਮਹੀਨੇ ਤੋਂ ਬੰਦ ਹੈ। ਪਿੰਡ ਕਲਵਾਣੂ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਵਿਚਲੀ ਡਿਸਪੈਂਸਰੀ ’ਤੇ ਵੀ ਤਾਲ਼ਾ ਲਟਕ ਰਿਹਾ ਹੈ। ਸਵਰਤ ਸ਼ਰਮਾ ਨੇ ਕਿਹਾ ਕਿ 1186 ਪੇਂਡੂ ਡਿਸਪੈਂਸਰੀਆਂ ਦੇ ਵਿੱਚ ਕੰਮ ਕਰਦੇ ਫਾਰਮਾਸਿਸਟ 14 ਸਾਲਾਂ ਤੋਂ ਨਿਗੂਣੀਆਂ ਤਨਖ਼ਾਹਾਂ ’ਤੇ ਹਨ, ਪਰ ਸਰਕਾਰ ਹੁਣ ਵੀ ਸੇਵਾਵਾਂ ਰੈਗੂਲਰ ਕਰਨ ਤੋਂ ਟਾਲ਼ਾ ਵੱਟ ਰਹੀ ਹੈ।