ਖੇਤਰੀ ਪ੍ਰਤੀਨਿਧ
ਪਟਿਆਲਾ, 25 ਨਵੰਬਰ
ਜ਼ਿਲ੍ਹੇ ’ਚ ਆਗਾਮੀ 11 ਦਸੰਬਰ ਨੂੰ ਲੱਗਣ ਵਾਲੀ ਕੌਮੀ ਲੋਕ ਅਦਾਲਤ ਨੂੰ ਸਫ਼ਲ ਬਣਾਉਣ ਲਈ ਪਟਿਆਲਾ ਦੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਰਾਜਿੰਦਰ ਅਗਰਵਾਲ ਨੇ ਬੀਮਾ ਕੰਪਨੀਆਂ ਦੇ ਨੁਮਾਇੰਦਿਆਂ ਤੇ ਪੈਨਲ ਵਕੀਲਾਂ ਨਾਲ ਬੈਠਕ ਕੀਤੀ। ਇਨ੍ਹਾਂ ਨੂੰ ਲੱਗਣ ਵਾਲੀ ਕੌਮੀ ਲੋਕ ਅਦਾਲਤ ਤੋਂ ਜਾਣੂ ਕਰਵਾਉਂਦਿਆਂ ਸਮਝੌਤਾ ਹੋਣ ਯੋਗ ਮਾਮਲੇ ਲਗਾਉਣ ਲਈ ਪ੍ਰੇਰਿਤ ਕੀਤਾ। ਸ੍ਰੀ ਅਗਰਵਾਲ ਨੇ ਮੀਟਿੰਗ ਦੌਰਾਨ ਕੰਪਨੀਆਂ ਦੇ ਨੁਮਾਇੰਦੇ ਤੇ ਪੈਨਲ ਵਕੀਲਾਂ ਨੂੰ ਐਮ.ਏ.ਸੀ.ਟੀ. ਨਾਲ ਸਬੰਧਤ ਵੱਧ ਤੋਂ ਵੱਧ ਮਾਮਲੇ ਆਪਸੀ ਰਜ਼ਾਮੰਦੀ ਨਾਲ ਨਿਪਟਾਉਣ ਲਈ ਕੇਸ ਲੋਕ ਅਦਾਲਤ ‘ਚ ਲਿਆਉਣ ‘ਤੇ ਜ਼ੋਰ ਦਿੱਤਾ। ਸੈਸ਼ਨਜ਼ ਜੱਜ ਨੇ ਕਿਹਾ ਕਿ ਕੌਮੀ ਲੋਕ ਅਦਾਲਤ ਲਗਾਉਣ ਦਾ ਮੁੱਖ ਉਦੇਸ਼ ਦੋਵਾਂ ਧਿਰਾਂ ਦੇ ਮਾਮਲਿਆਂ ਨੂੰ ਸਹਿਮਤੀ ਨਾਲ ਨਿਪਟਾਉਣਾ ਹੈ।