ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਅਗਸਤ
ਇੱਥੇ ਛੋਟੀ ਬਾਰਾਂਦਰੀ ਸਥਿਤ ਇੰਪਰੂਵਮੈਂਟ ਟਰੱਸਟ ਦੇ ਮੁੱਖ ਦਫ਼ਤਰ ਦੇ ਬਿਲਕੁਲ ਸਾਹਮਣੇ ਪੈਂਦੇ ਬੇਅੰਤ ਸਿੰਘ ਸ਼ਾਪਿੰਗ ਕੰਪਲੈਕਸ ਵਿਚਲੀ ਕਾਰ ਪਾਰਕਿੰਗ ਬੇਤਰਤੀਬੀ ਬਣੀ ਹੋਣ ਕਾਰਨ ਇੱਥੇ ਮੀਂਹ ਦੇ ਪਾਣੀ ਦੀ ਢੁੱਕਵੇਂ ਰੂਪ ’ਚ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਕਈ ਦਿਨਾਂ ਤੋਂ ਇਸ ਸ਼ਾਪਿੰਗ ਕੰਪਲੈਕਸ ਦਾ ਹਿੱਸਾ ਬਿਨਾਂ ਮੀਂਹਾਂ ਤੋਂ ਹੀ ਜਲ-ਥਲ ਹੋਇਆ ਪਿਆ ਹੈ ਜਿਸ ਦਾ ਮੁੱਖ ਕਾਰਨ ਇਸ ਖੇਤਰ ਵਿਚਲੇ ਸੀਵਰੇਜ ਦਾ ਓਵਰਫਲੋਅ ਹੋਣਾ ਹੈ। ਇਸ ਕਾਰਨ ਇਸ ਸ਼ਾਪਿੰਗ ਕੰਪਲੈਕਸ ਦੇ ਪਿਛਲੇ ਰਸਤੇ ’ਚ ਕਈ ਦਿਨਾਂ ਤੋਂ ਪਾਣੀ ਭਰਿਆ ਹੋਣ ਕਾਰਨ ਇੱਥੋਂ ਪੈਦਲ ਲੰਘਣਾ ਤਾਂ ਸੰਭਵ ਨਹੀਂ ਹੈ। ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਨਾਮ ’ਤੇ ਬਣਿਆ ਇਹ ਸ਼ਾਪਿੰਗ ਕੰਪਲੈਕਸ ਇੰਪਰੂਵਮੈਂਟ ਟਰੱਸਟ ਵੱਲੋਂ ਤਿਆਰ ਕੀਤਾ ਗਿਆ ਸੀ ਪਰ ਇਸ ਦੀ ਪਾਰਕਿੰਗ ’ਚ ਲੱਗੀਆਂ ਇੰਟਰਲਾਕਿੰਗ ਟਾਈਲਾਂ ਕਈ ਵਾਰ ਪੁੱਟ ਕੇ ਲਾਉਣ ਦੇ ਬਾਵਜੂਦ ਇੱਥੋਂ ਬਰਸਾਤੀ ਪਾਣੀ ਦੀ ਨਿਕਾਸੀ ਨਹੀਂ ਹੁੰਦੀ। ਇਸ ਕੰਪਲੈਕਸ ਦੇ ਪਿਛਲੇ ਪਾਸੇ ਅਕਸਰ ਸੀਵਰੇਜ ਸਿਸਟਮ ਬੰਦ ਰਹਿੰਦਾ ਹੈ ਜਿਸ ਕਾਰਨ ਕਿਤੋਂ ਨਾ ਕਿਤੋਂ ਲੀਕਿੰਗ ਹੁੰਦੀ ਰਹਿੰਦੀ ਹੈ। ਹੁਣ ਕਈ ਦਿਨਾਂ ਤੋਂ ਇਹ ਸਿਲਸਿਲਾ ਜਾਰੀ ਹੈ। ਕਈ ਸ਼ੋਅਰੂਮਾਂ ਤੇ ਕਾਰੋਬਾਰੀ ਅਦਾਰਿਆਂ ’ਤੇ ਆਧਾਰਤ ਇਸ ਕੰਪਲੈਕਸ ’ਚ ਮੁੱਖ ਤੌਰ ’ਤੇ ਵਧੇਰੇ ਵਿੱਦਿਅਕ ਕੇਂਦਰ ਵੀ ਹਨ ਪਰ ਇੱਥੇ ਪਾਣੀ ਖੜ੍ਹਨ ਕਾਰਨ ਲੋਕਾਂ ਨੂੰ ਮੁਸ਼ਕਲਾਂ ਨਾਲ ਜੂਝਣਾ ਪੈ ਰਿਹਾ ਹੈ। ਇਸ ਕਦਰ ਖੜ੍ਹੇ ਪਾਣੀ ’ਤੇ ਡੇਂਗੂ ਦਾ ਲਾਰਵਾ ਵੀ ਪੈਦਾ ਹੁੰਦਾ ਹੈ, ਪਰ ਇੱਥੇ ਖੜ੍ਹਦੇ ਇਸ ਪਾਣੀ ਵੱਲ ਸਿਹਤ ਵਿਭਾਗ ਦਾ ਵੀ ਧਿਆਨ ਨਹੀਂ ਜਾ ਰਿਹਾ। ਭਾਜਪਾ ਦੀ ਸ਼ਹਿਰੀ ਇਕਾਈ ਪਟਿਆਲਾ ਦੇ ਪ੍ਰਧਾਨ ਹਰਿੰਦਰ ਕੋਹਲੀ ਸਾਬਕਾ ਐੱਮਸੀ ਅਤੇ ਕਾਂਗਰਸੀ ਆਗੂ ਨਰਪਿੰਦਰ ਨਿੱਪੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸ਼ਾਪਿੰਗ ਕੰਪਲੈਕਸ ’ਚ ਨਿੱਤ ਦਿਨ ਹੁੰਦੀ ਸੀਵਰੇਜ ਦੀ ਲੀਕਿੰਗ ਦੀ ਰੋਕਥਾਮ ਯਕੀਨੀ ਬਣਾ ਕੇ ਇਸ ਸਮੱਸਿਆ ਦਾ ਸਥਾਈ ਹੱਲ ਯਕੀਨੀ ਬਣਾਇਆ ਜਾਵੇੇ।